ਇਸਲਾਮਾਬਾਦ: ਭਾਰਤ ਨੇ ਅੱਜ ਤੜਕੇ ਪਾਕਿਸਤਾਨ ਦੇ ਲਗਪਗ 88 ਕਿਲੋਮੀਟਰ ਅੰਦਰ ਜਾ ਕੇ ਹਵਾਈ ਹਮਲੇ ਕਰ ਜੈਸ਼ ਦੇ ਟਿਕਾਣੇ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਦੂਜੇ ਪਾਸੇ ਪਾਕਿਸਤਾਨ ਨੇ ਭਾਰਤ ਦੇ ਇਸ ਦਾਅਵੇ ਨੂੰ ‘ਪੂਰੀ ਤਰ੍ਹਾਂ ਖਾਰਜ’ ਕਰ ਦਿੱਤਾ ਹੈ ਕਿ ਭਾਰਤ ਨੇ ਬਾਲਾਕੋਟ ਨੇੜੇ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੇ ਭਾਰੀ ਨੁਕਸਾਨ ਪਹੁੰਚਾਇਆ। ਇਸ ਦੇ ਨਾਲ ਹੀ ਪਾਕਿਸਤਾਨ ਨੇ ਸੰਕਲਪ ਲਿਆ ਕਿ ਉਹ ‘ਆਪਣੀ ਪਸੰਦ ਦੀ ਥਾਂ ਤੇ ਸਮੇਂ’ ’ਤੇ ਭਾਰਤ ਦੇ ‘ਗੈਰ ਜ਼ਰੂਰੀ ਗੁੱਸੇ’ ਦਾ ਜਵਾਬ ਦਏਗਾ। ਪਾਕਿ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਹਵਾਈ ਫੌਜ ਤਾਂ ਤਿਆਰ ਸੀ ਪਰ ਹਨ੍ਹੇਰੇ ਵਿੱਚ ਕੁਝ ਸਮਝਣ ’ਚ ਮੁਸ਼ਕਲ ਆਈ।



ਇਸ ਦੇ ਨਾਲ ਹੀ ਪਾਕਿਸਤਾਨ ਨੇ ਭਾਰਤੀ ਹਮਲੇ ਦੇ ਕੁਝ ਘੰਟੇ ਬਾਅਦ ਕੌਮੀ ਸੁਰੱਖਿਆ ਕਮੇਟੀ (ਐਨਐਸਸੀ) ਦੀ ਵਿਸ਼ੇਸ਼ ਬੈਠਕ ਵਿੱਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਸੁਰੱਖਿਆ ਬਲਾਂ ਤੇ ਪਾਕਿਸਤਾਨ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ ਹੈ।



ਭਾਰਤੀ ਹਵਾਈ ਫ਼ੌਜ ਵੱਲੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਅੱਤਵਾਦੀ ਟਿਕਾਣਿਆਂ ਉੱਪਰ ਕੀਤੇ ਹਮਲੇ ਮਗਰੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਇਹ ਭਾਰਤ ਦਾ ਪਾਕਿਸਤਾਨ ਉੱਪਰ ਗੰਭੀਰ ਹਮਲਾ ਹੈ। ਇਹ ਐਲਓਸੀ ਦੀ ਉਲੰਘਣਾ ਹੈ। ਪਾਕਿਸਤਾਨ ਕੋਲ ਆਤਮ ਰੱਖਿਆ ਤੇ ਪਲਟਵਾਰ ਦਾ ਅਧਿਕਾਰ ਹੈ। ਉਧਰ, ਪਾਕਿਸਤਾਨੀ ਫੌਜ ਦਾ ਕਹਿਣਾ ਹੈ ਕਿ ਉਹ ਭਾਰਤ ਦੀ ਕਿਸੇ ਵੀ ਕਾਰਵਾਈ ਦਾ ਜਵਾਬ ਦੇਣ ਲਈ ਤਿਆਰ ਹੈ।

ਦੱਸ ਦੇਈਏ ਕਿ ਅੱਜ ਤੜਕੇ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਵਿੱਚ ਜੈਸ਼ ਦੇ ਟਿਕਾਣਿਆਂ ’ਤੇ ਵੱਡੀ ਕਾਰਵਾਈ ਕੀਤੀ ਹੈ। ਪੁਲਵਾਮਾ ਹਮਲੇ ਦਾ ਬਦਲਾ ਲੈਣ ਲਈ ਭਾਰਤ ਨੇ ਪਾਕਿਸਤਾਨ ਅੰਦਰ ਜਾ ਕੇ ਵੱਡੀ ਕਾਰਵਾਈ ਕੀਤੀ। ਐਲਓਸੀ ਪਾਰ ਕਰਕੇ ਭਾਰਤੀ ਹਵਾਈ ਫੌਜ ਦੇ 10 ਮਿਰਾਜ ਜਹਾਜ਼ਾਂ ਨੇ ਜੈਸ਼ ਦੇ ਟਿਕਾਣੇ ਤਬਾਹ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਇਸ ਹਮਲੇ ਦੌਰਾਨ ਕਰੀਬ ਹਜ਼ਾਰ ਕਿੱਲੋ ਦੇ ਬੰਬ ਸੁੱਟੇ ਗਏ।