ਇਸਲਾਮਾਬਾਦ: ਉੜੀ ਵਿੱਚ ਸੈਨਾ ਦੇ ਹੈੱਡਕੁਆਟਰ ਉੱਤੇ ਹੋਏ ਦਹਿਸ਼ਤਗਰਦ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨੂੰ ਪਰਮਾਣੂ ਹਮਲੇ ਦੀ ਧਮਕੀ ਦਿੱਤੀ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਪਾਕਿਸਤਾਨੀ ਟੀ.ਵੀ. ਚੈਨਲ ਨੂੰ ਦਿੱਤੇ ਟਿੰਟਰਵਿਊ ਵਿੱਚ ਆਖਿਆ ਹੈ ਕਿ ਦੇਸ਼ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਹੋਇਆ ਤਾਂ ਪਾਕਿਸਤਾਨ ਪਰਮਾਣੂ ਹਮਲਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗਾ।
ਪੱਤਰਕਾਰ ਨੇ ਜਦੋਂ ਰੱਖਿਆ ਮੰਤਰੀ ਨੂੰ ਆਖਿਆ ਕਿ ਜੇਕਰ ਭਾਰਤ ਨਾਲ ਜੰਗ ਹੋਈ ਤਾਂ ਕਿ ਪਾਕਿਸਤਾਨ ਐਟਮੀ ਹਮਲਾ ਕਰੇਗਾ ਤਾਂ ਉਨ੍ਹਾਂ ਆਖਿਆ ਕਿ ਜੇਕਰ ਭਾਰਤ ਅਜਿਹਾ ਕਰੇਗਾ ਤਾਂ ਪਾਕਿਸਤਾਨ ਵੀ ਇਸ ਤੋਂ ਪਿੱਛੇ ਨਹੀਂ ਹਟੇਗਾ।
ਰੱਖਿਆ ਮੰਤਰੀ ਨੇ ਸਪਸ਼ਟ ਕੀਤਾ ਕਿ ਅਜਿਹੇ ਹਾਲਤ ਉਦੋਂ ਪੈਦਾ ਹੋਣਗੇ ਜਦੋਂ ਸਾਡੀ ਸੁਰੱਖਿਆ ਨੂੰ ਕੋਈ ਖ਼ਤਰਾ ਹੋਵੇਗਾ। ਇਸ ਦੇ ਨਾਲ ਹੀ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਆਖਿਆ ਹੈ ਕਿ ਕਸ਼ਮੀਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਹੀ ਨਿਕਲ ਸਕਦਾ ਹੈ ਤੇ ਸ਼ਾਂਤੀ ਦੇ ਲਈ ਇਸ ਦਾ ਹੱਲ ਹੋਣਾ ਜ਼ਰੂਰੀ ਹੈ।