ਸੰਯੁਕਤ ਰਾਸ਼ਟਰ : ਜੰਮੂ ਕਸ਼ਮੀਰ ਦੇ ਉੜੀ ਵਿਖੇ ਆਰਮੀ ਹੈੱਡਕੁਆਟਰ ਵਿਖੇ ਹੋਏ ਦਹਿਸ਼ਤਗਰਦ ਹਮਲੇ ਦੀ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਬਾਨ ਕੀ ਮੂਨ ਨੇ ਨਿੰਦਾ ਕੀਤੀ ਹੈ। ਸੰਯੁਕਤ ਰਾਸ਼ਟਰ ਦੇ 71 ਵੇਂ ਸੈਸ਼ਨ ਦੌਰਾਨ ਬੋਲਦਿਆਂ ਬਾਨ ਕੀ ਮੂਨ ਨੇ ਆਖਿਆ ਕਿ ਦਹਿਸ਼ਤਗਰਦ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਜੰਮੂ-ਕਸ਼ਮੀਰ ਦੇ ਉੜੀ ਵਿੱਚ ਦਹਿਸ਼ਤਗਰਦਾਂ ਨੇ ਜੋ ਖ਼ੂਨੀ ਖੇਡ ਖੇਡੀ ਹੈ ਉਸ ਦੀ ਉਹ ਨਿੰਦਾ ਕਰਦੇ ਹਨ। ਉਨ੍ਹਾਂ ਹਮਲੇ ਵਿੱਚ ਸ਼ਹੀਦ ਸੈਨਿਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਹਮਲਾ ਉਸ ਸਮੇਂ ਹੋਇਆ ਹੈ ਜਿਸ ਸਮੇਂ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦਾ ਸੈਸ਼ਨ ਚੱਲ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵੀ ਇਸ ਸੈਸ਼ਨ ਵਿੱਚ ਹਿੱਸਾ ਲੈਣ ਲਈ ਪਹੁੰਚ ਰਹੇ ਹਨ ਜਦੋਂਕਿ ਭਾਰਤ ਵੱਲੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਸ ਸੰਮੇਲਨ ਵਿੱਚ ਹਿੱਸਾ ਲੈਣਗੇ। ਯਾਦ ਰਹੇ ਕਿ ਉੜੀ ਸੈਕਟਰ ਵਿੱਚ ਆਰਮੀ ਹੈੱਡਕੁਆਟਰ ਉੱਤੇ ਕੀਤੇ ਗਏ ਹਮਲੇ ਵਿੱਚ 20 ਦੇ ਕਰੀਬ ਸੈਨਿਕ ਸ਼ਹੀਦ ਹੋ ਗਏ। ਹਮਲੇ ਦੀ ਦੁਨੀਆ ਦੇ ਵੱਖ ਵੱਖ ਦੇਸਾਂ ਨੇ ਅਲੋਚਨਾ ਕੀਤੀ ਹੈ।