Pakistan Model Apologises: ਪਾਕਿਸਤਾਨੀ ਮਾਡਲ ਨੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਇੱਕ ਫੋਟੋਸ਼ੂਟ ਕਰਵਾਇਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾਈਆਂ ਗਈਆਂ, ਜਿਸ ਨਾਲ ਵਿਵਾਦ ਛਿੜ ਗਿਆ। ਕਈ ਲੋਕਾਂ ਨੇ ਦੋਸ਼ ਲਾਇਆ ਕਿ ਉਸ ਦੀ ਤਸਵੀਰ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਕਿਉਂਕਿ ਤਸਵੀਰ ਵਿੱਚ ਉਸ ਦਾ ਸਿਰ ਨੰਗਾ ਹੈ। ਇਸ ਤੋਂ ਬਾਅਦ ਮਾਡਲ ਸੋਲੇਹਾ ਦੀਆਂ ਤਸਵੀਰਾਂ ਨੂੰ ਹਟਾ ਦਿੱਤਾ ਗਿਆ ਤੇ ਸੋਲੇਹਾ ਨੇ ਇੰਸਟਾਗ੍ਰਾਮ ਪੇਜ 'ਤੇ ਮੁਆਫੀ ਮੰਗੀ।
ਸੋਮਵਾਰ ਨੂੰ ਕੱਪੜੇ ਦੇ ਇੱਕ ਬ੍ਰਾਂਡ ਮੰਨਤ ਕਲੋਦਿੰਗ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਕਰਤਾਰਪੁਰ ਸਾਹਿਬ 'ਚ ਸ਼ੂਟ ਕੀਤੇ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕੀਤੀਆਂ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਤੇ ਹੋਰ ਯੂਜ਼ਰਸ ਨੇ ਮਾਡਲ ਦੇ ਨੰਗੇ ਸਿਰ 'ਤੇ ਜ਼ੋਰ ਦਿੰਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ। ਦੱਸ ਦੇਈਏ ਕਿ ਗੁਰਦੁਆਰੇ ਵਿੱਚ ਸਿਰ ਢੱਕਣਾ ਲਾਜ਼ਮੀ ਹੈ।
ਸੋਲੇਹਾ ਨੇ ਮੰਗੀ ਮੁਆਫੀ
ਆਪਣੇ ਮੁਆਫੀਨਾਮੇ ਵਿੱਚ ਸੋਲੇਹਾ ਨੇ ਕਿਹਾ ਕਿ ਉਸ ਦਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ ਤੇ ਇਹ ਤਸਵੀਰਾਂ ਉਸ ਦੀ ਕਰਤਾਰਪੁਰ ਸਾਹਿਬ ਦੀ ਯਾਤਰਾ ਨੂੰ ਯਾਦ ਕਰਨ ਲਈ ਸੀ। ਉਸ ਨੇ ਪੋਸਟ 'ਚ ਲਿਖਿਆ, "ਹਾਲ ਹੀ 'ਚ ਮੈਂ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਪੋਸਟ ਕੀਤੀ ਹੈ, ਜੋ ਕਿਸੇ ਸ਼ੂਟ ਜਾਂ ਕਿਸੇ ਚੀਜ਼ ਦਾ ਹਿੱਸਾ ਵੀ ਨਹੀਂ ਸੀ। ਮੈਂ ਸਿਰਫ ਇਤਿਹਾਸ ਜਾਣਨ ਤੇ ਸਿੱਖ ਭਾਈਚਾਰੇ ਬਾਰੇ ਜਾਣਨ ਲਈ ਕਰਤਾਰਪੁਰ ਗਈ ਸੀ।"
ਸੋਲੇਹਾ ਨੇ ਅੱਗੇ ਲਿਖਿਆ, "ਇਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਹੀਂ ਕੀਤਾ ਗਿਆ। ਹਾਲਾਂਕਿ, ਜੇਕਰ ਮੈਂ ਕਿਸੇ ਨੂੰ ਠੇਸ ਪਹੁੰਚਾਈ ਹੈ ਜਾਂ ਲੱਗਦਾ ਹੈ ਕਿ ਮੈਂ ਉੱਥੋਂ ਦੇ ਸੱਭਿਆਚਾਰ ਦਾ ਸਨਮਾਨ ਨਹੀਂ ਕਰਦੀ ਹਾਂ, ਤਾਂ ਮੈਂ ਮਾਫੀ ਚਾਹੁੰਦੀ ਹਾਂ।" ਦੱਸ ਦੇਈਏ ਕਿ ਬ੍ਰਾਂਡ ਤੇ ਮਾਡਲ ਦੋਵਾਂ ਨੇ ਸਪੱਸ਼ਟ ਕੀਤਾ ਸੀ ਕਿ ਤਸਵੀਰਾਂ ਕਿਸੇ ਫੋਟੋਸ਼ੂਟ ਦਾ ਹਿੱਸਾ ਨਹੀਂ ਹਨ।
ਪੁਲਿਸ ਕਰ ਰਹੀ ਹੈ ਜਾਂਚ
ਸਿਰਸਾ ਦੇ ਟਵੀਟ ਤੋਂ ਬਾਅਦ ਪਾਕਿਸਤਾਨ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਉਹ ਫੋਟੋਸ਼ੂਟ ਨਾਲ ਸਬੰਧਤ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ ਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/