Pakistan Atom Bomb: ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TPP) ਨੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਪਾਕਿਸਤਾਨ ਐਟਮੀ ਊਰਜਾ ਕਮਿਸ਼ਨ (PAEC) ਦੇ 16 ਕਰਮਚਾਰੀਆਂ ਤੇ ਵਿਗਿਆਨੀਆਂ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ ਹੈ। ਸਥਾਨਕ ਪੁਲਿਸ ਨੇ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਤੇ ਅੱਠ ਬੰਧਕਾਂ ਨੂੰ ਸਫਲਤਾਪੂਰਵਕ ਛੁਡਵਾਇਆ ਗਿਆ ਹੈ।
ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਕਾਬੁਲ ਖੇਲ ਪਰਮਾਣੂ ਊਰਜਾ ਮਾਈਨਿੰਗ ਪ੍ਰੋਜੈਕਟ 'ਤੇ ਕੰਮ ਕਰਨ ਜਾ ਰਹੇ ਮਜ਼ਦੂਰਾਂ 'ਤੇ ਹਮਲਾ ਕਰ ਦਿੱਤਾ। ਬੰਦੂਕ ਦੀ ਨੋਕ 'ਤੇ ਲੋਕਾਂ ਨੂੰ ਬੰਧਕ ਬਣਾਉਣ ਤੋਂ ਬਾਅਦ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਨੂੰ ਅੱਗ ਲਗਾ ਦਿੱਤੀ ਤੇ ਮੌਕੇ ਤੋਂ ਭੱਜ ਗਏ। ਸਥਾਨਕ ਪੁਲਿਸ ਨੇ ਅੱਠ ਬੰਧਕਾਂ ਨੂੰ ਛੁਡਾਇਆ। ਹਾਲਾਂਕਿ, ਛੁਡਾਏ ਗਏ ਤਿੰਨ ਲੋਕਾਂ ਨੂੰ ਆਪ੍ਰੇਸ਼ਨ ਦੌਰਾਨ ਸੱਟਾਂ ਲੱਗੀਆਂ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਬਾਕੀ ਬੰਧਕਾਂ ਨੂੰ ਬਚਾਉਣ ਲਈ ਯਤਨ ਜਾਰੀ ਹਨ।
TPP ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ
ਟੀਟੀਪੀ ਨੇ ਅਗਵਾ ਦੀ ਜ਼ਿੰਮੇਵਾਰੀ ਲਈ ਹੈ ਤੇ ਅਗਵਾ ਕੀਤੇ ਕਰਮਚਾਰੀਆਂ ਦਾ ਇੱਕ ਵੀਡੀਓ ਜਾਰੀ ਕੀਤਾ ਹੈ। ਕਥਿਤ ਤੌਰ 'ਤੇ ਇਨ੍ਹਾਂ ਮੰਗਾਂ ਵਿੱਚ ਪਾਕਿਸਤਾਨੀ ਜੇਲ੍ਹਾਂ ਵਿੱਚ ਬੰਦ ਟੀਟੀਪੀ ਕੈਦੀਆਂ ਦੀ ਰਿਹਾਈ ਵੀ ਸ਼ਾਮਲ ਹੈ। ਵੀਡੀਓ ਜਾਂ ਅੱਤਵਾਦੀਆਂ ਦੇ ਦਾਅਵਿਆਂ ਦੀ ਸੁਤੰਤਰ ਪੁਸ਼ਟੀ ਅਜੇ ਵੀ ਬਾਕੀ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਯੂਰੇਨੀਅਮ ਵੀ ਲੁੱਟ ਲਿਆ ਹੈ।
ਬਲੋਚਿਸਤਾਨ ਵਿੱਚ ਅੱਤਵਾਦੀਆਂ 'ਤੇ ਹਮਲਾ
ਇਹ ਅਗਵਾ ਪਾਕਿਸਤਾਨ ਵਿੱਚ ਅੱਤਵਾਦੀ ਗਤੀਵਿਧੀਆਂ ਦੇ ਲਗਾਤਾਰ ਜਾਰੀ ਦੌਰ ਦੌਰਾਨ ਹੋਇਆ। ਇੱਕ ਦਿਨ ਪਹਿਲਾਂ ਹੀ, ਬਲੋਚ ਲਿਬਰੇਸ਼ਨ ਆਰਮੀ (BLA) ਦੇ ਵੱਖਵਾਦੀ ਅੱਤਵਾਦੀਆਂ ਨੇ ਬਲੋਚਿਸਤਾਨ ਵਿੱਚ ਇੱਕ ਹਮਲਾ ਕੀਤਾ ਸੀ। ਇਸ ਵਿੱਚ, ਇੱਕ ਦੂਰ-ਦੁਰਾਡੇ ਜ਼ਿਲ੍ਹੇ ਵਿੱਚ ਸਰਕਾਰੀ ਦਫ਼ਤਰਾਂ ਤੇ ਇੱਕ ਬੈਂਕ ਨੂੰ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਇਹ ਹਮਲਾ ਦੇਸ਼ ਭਰ ਵਿੱਚ ਵਿਦਰੋਹੀ ਕਾਰਵਾਈਆਂ ਦੀ ਵੱਧਦੀ ਤੀਬਰਤਾ ਨੂੰ ਦਰਸਾਉਂਦਾ ਹੈ।
ਪਾਕਿਸਤਾਨੀ ਅਧਿਕਾਰੀਆਂ ਦਾ ਦੋਸ਼ ਹੈ ਕਿ ਟੀਟੀਪੀ ਅਤੇ ਬਲੋਚ ਬਾਗ਼ੀ ਅਫਗਾਨਿਸਤਾਨ ਵਿੱਚ ਆਪਣੇ ਪਨਾਹਗਾਹਾਂ ਤੋਂ ਕੰਮ ਕਰਦੇ ਹਨ। ਕਾਬੁਲ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ। ਸੰਯੁਕਤ ਰਾਸ਼ਟਰ ਦੁਆਰਾ ਇੱਕ ਗਲੋਬਲ ਅੱਤਵਾਦੀ ਸੰਗਠਨ ਨਾਮਜ਼ਦ ਟੀਟੀਪੀ ਨੂੰ ਹਾਲ ਹੀ ਦੇ ਮੁਲਾਂਕਣਾਂ ਵਿੱਚ ਅਫਗਾਨਿਸਤਾਨ ਦਾ ਸਭ ਤੋਂ ਵੱਡਾ ਅੱਤਵਾਦੀ ਸਮੂਹ ਦੱਸਿਆ ਗਿਆ ਹੈ, ਜਿਸਦੇ ਹਜ਼ਾਰਾਂ ਲੜਾਕੂ ਇਸ ਖੇਤਰ ਵਿੱਚ ਕੰਮ ਕਰ ਰਹੇ ਹਨ।