ਨਵੀਂ ਦਿੱਲੀ: ਲਾਹੌਰ ਹਾਈਕੋਰਟ ਨੇ ਬੁੱਧਵਾਰ ਪ੍ਰਸ਼ਾਸਨ ਨੂੰ ਸ਼ਾਦਮਾਨ ਚੌਕ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਲਈ ਆਦੇਸ਼ ਦਿੱਤੇ ਹਨ। ਭਗਤ ਸਿੰਘ ਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਤੇ ਸੁਖਦੇਵ ਨੂੰ 23 ਮਾਰਚ, 1931 ਵਾਲੇ ਦਿਨ ਬ੍ਰਿਟਿਸ਼ ਸ਼ਾਸਕਾਂ ਨੇ ਜੇਲ੍ਹ ਅੰਦਰ ਹੀ ਫਾਂਸੀ ਦੇ ਦਿੱਤੀ ਸੀ। ਇਸ ਤੋਂ ਬਾਅਦ ਉਸ ਜੇਲ੍ਹ ਦੇ ਸਥਾਨ ’ਤੇ ਹੀ ਸ਼ਾਦਮਾਨ ਚੌਰਾਹਾ ਬਣਾਇਆ ਗਿਆ ਸੀ।

ਲਾਹੌਰ ਹਾਈਕੋਰਟ ਦੇ ਜੱਜ ਸ਼ਾਹਿਦ ਜਮਾਲ ਖ਼ਾਨ ਨੇ ਲਾਹੌਰ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤਾ ਕਿ ਉਹ ਜਲਦ ਤੋਂ ਜਲਦ ਭਗਤ ਸਿੰਘ ਦੇ ਨਾਂ ’ਤੇ ਸ਼ਾਦਮਾਨ ਚੌਕ ਦਾ ਨਾਂ ਬਦਲਣ ਦੇ ਲੰਬਤ ਮਾਮਲੇ ’ਤੇ ਫੈਸਲਾ ਕਰਨ। ਅਦਾਲਤ ਵਿੱਚ ਇਹ ਪਟੀਸ਼ਨ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ ਰਸ਼ੀਦ ਕੁਰੈਸ਼ੀ ਨੇ ਦਾਖ਼ਲ ਕੀਤੀ ਸੀ।

ਪਟੀਸ਼ਨਕਰਤਾ ਨੇ ਅਦਾਲਤ ਵਿੱਚ ਕਿਹਾ ਸੀ ਕਿ ਭਗਤ ਸਿੰਘ ਦੇਸ਼ ਦੇ ਮਹਾਨ ਆਜ਼ਾਦੀ ਘੁਲਾਟੀਏ ਸਨ ਤੇ ਉਨ੍ਹਾਂ ਦੇਸ਼ ਲਈ ਵੱਡੀ ਕੁਰਬਾਨੀ ਦਿੱਤੀ ਹੈ। ਉਨ੍ਹਾਂ ਕਿਹਾ ਸੀ ਕਿ ਭਗਤ ਸਿੰਘ ਦੇ ਨਾਂ ’ਤੇ ਸ਼ਾਦਮਾਨ ਚੌਕ ਦਾ ਨਾਂ ਰੱਖਣਾ ਨਿਆਂਪੂਰਨ ਹੈ। ਕੁਰੈਸ਼ੀ ਨੇ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਗ੍ਹਾ ’ਤੇ ਉਨ੍ਹਾਂ ਦਾ ਬੁੱਤ ਸਥਾਪਤ ਕਰਨ ਦੀ ਵੀ ਅਪੀਲ ਕੀਤੀ ਹੈ।

ਇਸ ਅਪੀਲ ਨਾਲ ਉਨ੍ਹਾਂ ਮਿਸਾਲ ਦਿੱਤੀ ਕਿ ਭਾਰਤ ਵਿੱਚ ਵੀ ਸ਼ਾਹਜਹਾਂ, ਬਹਾਦੁਰ ਸ਼ਾਹ ਤੇ ਅਕਬਰ ਜਿਹੇ ਮੁਸਲਿਮ ਸ਼ਾਸਕਾਂ ਦੇ ਨਾਂ ’ਤੇ ਕਈ ਸੜਕਾਂ ਹਨ। ਭਾਰਤ ਸਰਕਾਰ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸੰਸਥਾਪਕ ਸਰ ਸਈਅਦ ਅਹਿਮਦ ਖ਼ਾਨ ਦੀ ਫੋਟੋ ਨਾਲ ਟਿਕਟ ਵੀ ਜਾਰੀ ਕੀਤੀ ਤੇ ਉਨ੍ਹਾਂ ਦੀ ਮੂਰਤੀ ਵੀ ਲਵਾਈ ਸੀ।

ਇਸਦੇ ਇਲਾਵਾ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਨੇ ਇਹ ਮੰਗ ਵੀ ਕੀਤੀ ਸੀ ਕਿ ਭਗਤ ਸਿੰਘ ਨੂੰ ਪਾਕਿਸਤਾਨ ਦਾ ਸਰਵਉੱਚ ਬਹਾਦੁਰ ਪੁਰਸਕਾਰ ‘ਨਿਸ਼ਨ-ਏ-ਹੈਦਰ’ ਦਿੱਤਾ ਜਾਣਾ ਚਾਹੀਦਾ ਹੈ। ਉੱਧਰ ਅੱਤਵਾਦੀ ਹਾਫਿਜ ਸਈਦ ਨੇ ਸ਼ਾਦਮਾਨ ਚੌਕ ਦਾ ਨਾਂ ਬਦਲਣ ਦੇ ਪ੍ਰਸਤਾਵ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਤੇ ਇਸਦੇ ਸਹਿਯੋਗ ਵਿੱਚ ਖੜੇ ਲੋਕਾਂ ਨੂੰ ਵੀ ਧਮਕੀ ਦਿੱਤੀ ਹੈ।

ਫਿਲਹਾਲ ਅਦਾਲਤ ਨੇ ਇਸ ਮਾਮਲੇ ’ਤੇ ਫੈਸਲਾ ਕਰਨ ਲਈ ਡਿਪਟੀ ਕਮਿਸ਼ਨਰ ਲਈ ਕੋਈ ਸਮਾਂ ਸੀਮਾ ਨਿਰਧਾਰਿਤ ਨਹੀਂ ਕੀਤੀ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਜਲਦ ਹੀ ਇਸ ਮਾਮਲੇ ਪ੍ਰਤੀ ਫੈਸਲਾ ਕਰ ਲਏਗਾ।