ਨਿਊਯਾਰਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੇ ਘਰ ਤੇ ਦਫ਼ਤਰ ਵਿੱਚ 'ਪਾਰਸਲ ਬੰਬ' ਭੇਜੇ ਜਾਣ ਦੀ ਯੋਜਨਾ ਦਾ ਪਰਦਾਫ਼ਾਸ਼ ਹੋਇਆ ਹੈ। ਸੁਰੱਖਿਆ ਏਜੰਸੀਆਂ ਨੇ ਇੱਕ ਸ਼ੱਕੀ ਪੈਕੇਟ ਵਿੱਚੋਂ ਧਮਾਕਾਖੇਜ ਸਮੱਗਰੀ ਬਰਾਮਦ ਕੀਤੀ ਹੈ। ਓਬਾਮਾ ਦੇ ਦਫ਼ਤਰ ਅਤੇ ਹਿਲੇਰੀ ਦੇ ਘਰ ਲਈ ਇਹ ਪਾਰਸਲ ਬੰਬ ਭੇਜੇ ਗਏ ਸਨ। ਅਮਰੀਕਾ ਦੀਆਂ ਵੱਡੀਆਂ ਹਸਤੀਆਂ ਲਈ ਧਮਾਕਾਖੇਜ ਸਮੱਗਰੀ ਭੇਜੇ ਜਾਣ ਤੋਂ ਬਾਅਦ ਜਿੱਥੇ ਸੁਰੱਖਿਆ ਖ਼ਾਮੀਆਂ ਉਜਾਗਰ ਹੁੰਦੀਆਂ ਹਨ, ਉੱਥੇ ਹੀ ਟਰੰਪ ਸਰਕਾਰ 'ਤੇ ਵੀ ਸਵਾਲ ਉੱਠ ਰਹੇ ਹਨ।
ਅਮਰੀਕੀ ਜਾਂਚ ਏਜੰਸੀ ਐਫਬੀਆਈ ਤੇ ਸੀਕ੍ਰੇਟ ਸਰਵਿਸਿਜ਼ ਨੇ ਸ਼ੱਕੀ ਪਾਰਸਲ ਬੰਬਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਅਥਾਰਟੀਆਂ ਨੇ ਸਾਫ਼ ਕੀਤਾ ਹੈ ਕਿ ਕਲਿੰਟਨ ਤੇ ਓਬਾਮਾ ਦੋਵੇਂ ਸੁਰੱਖਿਅਤ ਹਨ। ਅਮਰੀਕਾ ਦੀ ਸੀਕ੍ਰੇਟ ਸਰਵਿਸਿਜ਼ ਦਾ ਕਹਿਣਾ ਹੈ ਕਿ ਇਹ ਸ਼ੱਕੀ ਪੈਕੇਟ ਰੋਜ਼ਨਾ ਜਾਂਚ ਦੌਰਾਨ ਫੜੇ ਗਏ ਸਨ।
ਸਥਾਨਕ ਮੀਡੀਆ ਦੀ ਖ਼ਬਰ ਮੁਤਾਬਕ ਨਿਊ ਯਾਰਕ ਦੇ ਬਾਹਰਵਾਰ ਚੱਪੇਕੁਆ ਵਿੱਚ ਸਥਿਤ ਕਲਿੰਟਨ ਦੇ ਘਰ ਲਈ ਇਹ ਪਾਰਸਲ ਭੇਜਿਆ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਲਿਬਰਲ ਪਾਰਟੀ ਨਾਲ ਜੁੜੇ ਅਰਬਪਤੀ ਜੌਰਜ ਸੋਰੋਸ ਦੇ ਨਿਊ ਯਾਰਕ ਦੇ ਕਸਬੇ ਕੋਟੋਨਾਹ ਸਥਿਤ ਘਰ ਵਿੱਚੋਂ ਵੀ ਇਸੇ ਤਰ੍ਹਾਂ ਬੰਬ ਬਰਾਮਦ ਹੋ ਚੁੱਕਿਆ ਹੈ।