ਲਾਹੌਰ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਦੋਸਤ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਪਾਕਿਸਤਾਨ ਸਰਕਾਰ ਕਰਤਾਰਪੁਰ ਸਾਹਿਬ ਵਿਖੇ 28 ਨਵੰਬਰ ਨੂੰ ਟੱਕ ਲਾ ਕੇ ਗਲਿਆਰੇ ਦੇ ਉਸਾਰੀ ਕਾਰਜਾਂ ਦੀ ਸ਼ੁਰੂਆਤ ਕਰੇਗੀ।
ਜੇਕਰ ਸਿੱਧੂ ਇਸ ਸੱਦੇ ਨੂੰ ਪ੍ਰਵਾਨ ਕਰਦੇ ਹਨ ਤਾਂ ਇਸੇ ਸਾਲ ਇਹ ਉਨ੍ਹਾਂ ਦਾ ਦੂਜਾ ਪਾਕਿਸਤਾਨ ਦੌਰਾ ਹੋਵੇਗਾ। ਪਾਕਿਸਤਾਨ ਦਾ ਪਹਿਲਾ ਦੌਰਾ ਨਵਜੋਤ ਸਿੱਧੂ ਲਈ ਕਾਫੀ ਵਿਵਾਦਮਈ ਰਿਹਾ ਸੀ, ਪਰ ਉਹ ਇਸ ਨੂੰ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਵਿੱਚ ਬੇਹੱਦ ਸਹਾਈ ਦੱਸ ਰਹੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਯਾਨੀ ਵੀਰਵਾਰ ਨੂੰ ਭਾਰਤ ਤੇ ਪਾਕਿਸਤਾਨ ਸਰਕਾਰ ਨੇ ਚਮਤਕਾਰੀ ਐਲਾਨ ਕਰਦਿਆਂ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਨੂੰ ਹਰੀ ਝੰਡੀ ਦੇ ਦਿੱਤੀ। ਫਿਰ ਅੱਗੜ-ਪਿੱਛੜ ਨੀਂਹ ਪੱਥਰ ਰਹਿਣ ਦੇ ਦਿਨ ਵੀ ਐਲਾਨ ਦਿੱਤੇ। ਭਾਰਤ 26 ਨਵੰਬਰ ਨੂੰ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖੇਗਾ ਤੇ ਪਾਕਿਸਤਾਨ 28 ਨਵੰਬਰ ਨੂੰ ਇਸ ਦੀ ਸ਼ੁਰੂਆਤ ਕਰੇਗਾ। ਅਗਲੇ ਸਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਪ੍ਰਾਜੈਕਟ ਦੋਵਾਂ ਦੇਸ਼ਾਂ ਵਿੱਚ ਕੁੜੱਤਣ ਘਟਾਉਣ ਵਿੱਚ ਸਹਾਈ ਹੋ ਸਕੇਗਾ।