ਪੇਸ਼ਾਵਰ: ਪਾਕਿਸਤਾਨ ਦੇ ਸੂਬੇ ਖ਼ੈਬਰ ਪਖ਼ਤੂਨਵਾ ਵਿੱਚ ਹੋਏ ਜ਼ਬਰਦਸਤ ਧਮਾਕੇ ਵਿੱਚ ਘੱਟੋ-ਘੱਟ 25 ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਧਮਾਕੇ ਵਿੱਚ 35 ਲੋਕ ਜ਼ਖ਼ਮੀ ਵੀ ਹੋਏ ਹਨ। ਸੁਰੱਖਿਆ ਸੂਤਰਾਂ ਮੁਤਾਬਕ ਇਹ ਧਮਾਕਾ ਧਾਰਮਿਕ ਸਥਾਨ ਦੇ ਬਾਹਰ ਹੋਇਆ ਹੈ, ਜਿੱਥੇ ਕਾਫੀ ਗਿਣਤੀ ਵਿੱਚ ਲੋਕ ਮੌਜੂਦ ਸਨ। ਹਾਲੇ ਤਕ ਇਸ ਧਮਾਕੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ।


ਪਾਕਿਸਤਾਨ ਦੇ ਜੀਓ ਟੀਵੀ ਮੁਤਾਬਕ ਇਹ ਧਮਾਕਾ ਹੰਗੂ ਦੇ ਲੋਅਰ ਓਰਕਜ਼ਈ ਇਲਾਕੇ ਵਿੱਚ ਹੋਇਆ ਹੈ। ਅਧਿਕਾਰੀਆਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ ਤੇ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਹੁਣ ਤੋਂ ਕੁਝ ਹੀ ਸਮਾਂ ਪਹਿਲਾਂ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਵਿੱਚ ਚੀਨ ਦੇ ਸਫ਼ਾਰਤਖ਼ਾਨੇ ਦੇ ਬਾਹਰ ਗੋਲ਼ੀਬਾਰੀ ਹੋਈ ਹੈ। ਪੌਸ਼ ਇਲਾਕੇ ਦੇ ਕਲਿਫਟਨ ਵਿੱਚ ਹੋਈ ਇਸ ਗੋਲ਼ੀਬਾਰੀ ਵਿੱਚ ਦੋ ਪੁਲਿਸਕਰਮੀਆਂ ਦੀ ਮੌਤ ਵੀ ਹੋ ਗਈ। ਗੋਲ਼ੀਬਾਰੀ ਤੋਂ ਬਾਅਦ ਮੁਕਾਬਲੇ ਵਿੱਚ ਤਿੰਨ ਅੱਤਵਾਦੀਆਂ ਨੂੰ ਵੀ ਮਾਰ ਮੁਕਾਇਆ ਗਿਆ।