ਇਸਲਾਮਾਬਾਦ: ਕੋਰੋਨਾ ਦੇ ਕਹਿਰ ਵਿੱਚ ਪਾਕਿਸਤਾਨ ਨੇ ਭਾਰਤ ਦੀ ਬਾਂਹ ਫੜਨ ਦੀ ਪੇਸ਼ਕਸ਼ ਕੀਤੀ ਹੈ। ਗੁਆਂਢੀ ਮੁਲਕ ਪਾਕਿਸਤਾਨ ਨੇ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਨੂੰ ਵੈਂਟੀਲੇਟਰਾਂ ਸਣੇ ਹੋਰ ਰਾਹਤ ਸਮੱਗਰੀ ਦੀ ਪੇਸ਼ਕਸ਼ ਕੀਤੀ। ਦੋਵਾਂ ਦੇਸ਼ਾਂ ਵਿੱਚ ਤਣਾਅ ਹੋਣ ਦੇ ਬਾਵਜੂਦ ਗੁਆਂਢੀ ਮੁਲਕ ਨੇ ਮਾੜੇ ਸਮੇਂ ਵਿੱਚ ਭਾਰਤ ਵੱਲ ਹੱਥ ਵਧਾਇਆ ਹੈ। ਹੁਣ ਸਵਾਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪੇਸ਼ਕਸ਼ ਨੂੰ ਸਵੀਕਾਰ ਕਰਨਗੇ।


ਪਾਕਿਸਤਾਨ ਨੇ ਕਿਹਾ ਹੈ ਕਿ ਦੋਵੇਂ ਦੇਸ਼ ਇਸ ਆਲਮੀ ਮਹਾਮਾਰੀ ਨਾਲ ਪੈਦਾ ਹੋਈਆਂ ਚੁਣੌਤੀਆਂ ਦੇ ਟਾਕਰੇ ਲਈ ਅੱਗੇ ਸਹਿਯੋਗ ਵਾਸਤੇ ਸੰਭਾਵਨਾਵਾਂ ਤਲਾਸ਼ ਸਕਦੇ ਹਨ। ਵਿਦੇਸ਼ ਮੰਤਰਾਲੇ ਦੇ ਦਫ਼ਤਰ ਵੱਲੋਂ ਬਿਆਨ ’ਚ ਕਿਹਾ ਗਿਆ ਕਿ ਇੱਕ ਵਾਰ ਤੌਰ-ਤਰੀਕਿਆਂ ਦਾ ਪਤਾ ਲੱਗਦਿਆਂ ਹੀ ਪਾਕਿਸਤਾਨ ਕੁਝ ਖਾਸ ਵਸਤਾਂ ਤੁਰੰਤ ਭੇਜਣ ਲਈ ਤਿਆਰ ਹੈ।


ਬਿਆਨ ਮੁਤਾਬਕ, ‘ਕਰੋਨਾ ਲਾਗ ਦੀ ਮੌਜੂਦਾ ਲਹਿਰ ਦੇ ਮੱਦੇਨਜ਼ਰ ਭਾਰਤ ਦੇ ਲੋਕਾਂ ਨਾਲ ਇਕਜੁੱਟਤਾ ਦਿਖਾਉਂਦਿਆਂ ਪਾਕਿਸਤਾਨ ਨੇ ਭਾਰਤ ਨੂੰ ਰਾਹਤ ਸਹਾਇਤਾ, ਜਿਸ ਵਿੱਚ ਵੈਂਟੀਲੇਟਰ, ਬੀਆਈ ਪੀਏਪੀ, ਡਿਜੀਟਲ ਐਕਸ ਰੇਅ ਮਸ਼ੀਨਾਂ, ਪੀਪੀਈ ਕਿੱਟਾਂ ਤੇ ਹੋਰ ਸਬੰਧਤ ਸਾਮਾਨ ਸ਼ਾਮਲ ਹੈ, ਦੀ ਪੇਸ਼ਕਸ਼ ਕੀਤੀ ਹੈ।’ ਬਿਆਨ ’ਚ ਕਿਹਾ ਗਿਆ ਕਿ ਪਾਕਿਸਤਾਨ ਤੇ ਭਾਰਤ ਦੇ ਸਬੰਧਤ ਅਧਿਕਾਰੀ ਰਾਹਤ ਸਮੱਗਰੀ ਦੀ ਤੁਰੰਤ ਡਿਲਿਵਰੀ ਲਈ ਤੌਰ-ਤਰੀਕਿਆਂ ’ਤੇ ਕੰਮ ਕਰ ਸਕਦੇ ਹਨ।’


ਇਹ ਪੇਸ਼ਕਸ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਭਾਰਤ ਦੇ ਲੋਕਾਂ ਨਾਲ ਇੱਕਜੁਟਤਾ ਦਿਖਾਏ ਜਾਣ ਮਗਰੋਂ ਕੀਤੀ ਗਈ ਹੈ। ਉਨ੍ਹਾਂ ਕਿਹਾ, ‘ਸਾਨੂੰ ਮਨੁੱਖਤਾ ਸਾਹਮਣੇ ਆਈ ਇਸ ਆਲਮੀ ਚੁਣੌਤੀ ਨਾਲ ਮਿਲ ਕੇ ਲੜਨਾ ਪਵੇਗਾ।’ ਕਰੋਨਾ ਮਹਾਮਾਰੀ ਦੌਰਾਨ ਪਾਕਿਸਤਾਨ ਦੀਆਂ ਕਈ ਅਹਿਮ ਸ਼ਖਸੀਅਤਾਂ, ਜਿਨ੍ਹਾਂ ਵਿੱਚ ਸਿਆਸਤਦਾਨ ਤੇ ਖਿਡਾਰੀ ਸ਼ਾਮਲ ਹਨ, ਨੇ ਵੀ ਟਵਿੱਟਰ ’ਤੇ ਭਾਰਤੀ ਲੋਕਾਂ ਲਈ ਦੁਆਵਾਂ ਕੀਤੀਆਂ ਹਨ।


ਇਹ ਵੀ ਪੜ੍ਹੋਅਮਰੀਕਾ ’ਚ ਭਾਰਤੀ ਵਿਗਿਆਨੀ ਸੁਮਿਤ ਕੇ. ਚੰਦਾ ਨੇ ਕੀਤੀ ਕੋਵਿਡ-19 ਨਾਲ ਲੜਨ ਵਾਲੇ ਜੀਨਾਂ ਦੀ ਖੋਜ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904