ਮਹਿਤਾਬ-ਉਦ-ਦੀਨ
ਚੰਡੀਗੜ੍ਹ: ਅਮਰੀਕਾ ਵਿਗਿਆਨੀਆਂ ਦੀ ਇੱਕ ਪੂਰੀ ਟੀਮ ਨੇ ਅਜਿਹੇ ਮਨੁੱਖੀ ਜੀਨਜ਼ ਦੀ ਖੋਜ ਕੀਤੀ ਹੈ, ਜਿਹੜੇ SARS-CoV-2 ਦੀ ਉਸ ਲਾਗ ਨਾਲ ਲੜਨ ਦੇ ਸਮਰੱਥ ਹਨ ਜਿਸ ਕਰਕੇ ਕੋਵਿਡ-19 ਦਾ ਰੋਗ ਦਾ ਵਾਇਰਸ ਚਿੰਬੜਦਾ ਹੈ। ਇਸ ਮਾਮਲੇ ਦਾ ਦਿਲਚਸਪ ਪੱਖ ਇਹ ਹੈ ਕਿ ਵਿਗਿਆਨੀਆਂ ਦੀ ਇਸ ਖੋਜੀ ਟੀਮ ਦੇ ਮੁਖੀ ਭਾਰਤੀ ਮੂਲ ਦੇ ਸੁਮਿਤ ਕੇ. ਚੰਦਾ ਹਨ; ਜੋ ਸੈਨਫ਼ੋਰਡ ਬਰਨਹੈਮ ਪ੍ਰਿਬਿਸ ਮੈਡੀਕਲ ਡਿਸਕਵਰੀ ਇੰਸਟੀਚਿਊਟ ’ਚ ਇਮਿਊਨਿਟੀ ਤੇ ਪੈਥੋਜੈਨੇਸਿਸ ਪ੍ਰੋਗਰਾਮ ਦੇ ਪ੍ਰੋਫ਼ੈਸਰ ਤੇ ਡਾਇਰੈਕਟਰ ਹਨ।
ਡਾ. ਸੁਮਿਤ ਚੰਦਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਇਹ ਪਤਾ ਲਾ ਲਿਆ ਹੈ ਕਿ ਕੋਰੋਨਾ ਵਾਇਰਸ ਮਨੁੱਖੀ ਸੈੱਲਾਂ ਨੂੰ ਕਿਵੇਂ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਹਾਲੇ ਇਸ ਮਾਮਲੇ ਦੀ ਖੋਜ ਚੱਲ ਰਹੀ ਹੈ ਤੇ ਫਿਰ ਬਾਅਦ ’ਚ ਸਾਹਮਣੇ ਆਉਣ ਵਾਲੇ ਨਤੀਜਿਆਂ ਦੇ ਆਧਾਰ ਉੱਤੇ ਕੋਈ ਵਧੀਆ ਐਂਟੀ-ਵਾਇਰਲਜ਼ ਵਿਕਸਤ ਕੀਤੇ ਜਾ ਸਕਣਗੇ।
‘ਇੰਡੀਆ ਵੈਸਟ’ ਵੱਲੋਂ ‘ਮੌਲੀਕਿਊਲਰ ਸੈੱਲ’ ਨਾਂ ਦੇ ਰਸਾਲੇ ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਡਾ. ਸੁਮਿਤ ਚੰਦਾ ਦੀ ਅਗਵਾਈ ਹੇਠਲੀ ਟੀਮ ਨੇ ਜਦੋਂ ਅਜਿਹੇ ਜੀਨਜ਼ ਦਾ ਪਤਾ ਲਾ ਲਿਆ ਹੈ, ਜਿਹੜੇ ਵਾਇਰਲ ਦੀ ਛੂਤ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦੇ ਹਨ। ਇਸ ਖੋਜ ਦੇ ਆਧਾਰ ਉੱਤੇ ਕੋਰੋਨਾ ਮਹਾਮਾਰੀ ਦਾ ਮੁਕਾਬਲਾ ਕਰਨਾ ਬਹੁਤ ਆਸਾਨ ਹੋ ਜਾਵੇਗਾ।
ਡਾ. ਸੁਮਿਤ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਲੜਨ ਵਾਲੇ ਇਹ ਵਿਸ਼ੇਸ਼ ਜੀਨ ਦਰਅਸਲ ਸਰੀਰ ਅੰਦਰ ਮੋਹਰੀ ਹੋ ਕੇ ਲੜਨ ਵਾਲੇ ‘ਮਿੱਤਰ ਕੀਟਾਣੂਆਂ’ ’ਚ ਹੀ ਮੌਜੂਦ ਹੁੰਦੇ ਹਨ ਤੇ ਇਹ ਇੰਟਰਫ਼ੈਰੋਨਜ਼ ਨਾਲ ਸਬੰਧਤ ਹੁੰਦੇ ਹਨ।
ਡਾ. ਸੁਮਿਤ ਚੰਦਾ ਦੀ ਟੀਮ ਦੀ ਇਸ ਖੋਜ ਤੋਂ ਬਾਅਦ ਹੋਰ ਵਿਗਿਆਨੀ ਵੀ ਇਸ ਮਾਮਲੇ ’ਚ ਡਾਢੇ ਉਤਸ਼ਾਹਿਤ ਹੋਏ ਹਨ। ਉਨ੍ਹਾਂ ਦੱਸਿਆ ਕਿ 65 ISGs ਦਰਅਸਲ SARS-CoV-2 ਦੀ ਛੂਤ ਨੂੰ ਨਿਯੰਤ੍ਰਿਤ ਕਰਦੇ ਹਨ। ਇਨ੍ਹਾਂ ਵਿੱਚੋਂ ਹੀ ਕੁਝ ਉਸ ਵਾਇਰਸ ਵਿੱਚ ਵੀ ਮੌਜੂਦ ਹੁੰਦੇ ਹਨ, ਜੋ ਸੈੱਲਾਂ ਅੰਦਰ ਦਾਖ਼ਲ ਹੁੰਦਾ ਹੈ।
ਡਾ. ਸੁਮਿਤ ਨੇ ਦੱਸਿਆ ਕਿ ਇਸ ਖੋਜ ਤੋਂ ਬਾਅਦ ਕਈ ਤਰ੍ਹਾਂ ਦੇ ਵਾਇਰਸਾਂ; ਜਿਵੇਂ ਕਿ ਮੌਸਮੀ ਫ਼ਲੂ, ਵੈੱਸਟ ਨਾਈਲ ਤੇ ਐੱਚਆਈਵੀ ਏਡਜ਼ ਤੱਕ ਦਾ ਇਲਾਜ ਵੀ ਸੰਭਵ ਹੋ ਸਕੇਗਾ। ਇਸ ਲਈ ਇਸ ਖੋਜ ਦੇ ਨਤੀਜੇ ਬਹੁਤ ਹੀ ਅਹਿਮ ਹੋਣ ਵਾਲੇ ਹਨ।
ਇਹ ਵੀ ਪੜ੍ਹੋ: ਕੈਨੇਡਾ 'ਚ ਲਾਪਤਾ ਅਮਨਿੰਦਰ ਗਰੇਵਾਲ, ਅਜੇ ਤੱਕ ਵੀ ਨਹੀਂ ਲੱਭ ਸਕੀ ਵਿਨੀਪੈੱਗ ਪੁਲਿਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin