ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਜ਼ਬੇਕਿਸਤਾਨ ਦੇ ਸਮਰਕੰਦ ਲਈ ਰਵਾਨਾ ਹੋ ਰਹੇ ਹਨ। ਜਿੱਥੇ ਉਹ SCO ਸੰਮੇਲਨ ਵਿੱਚ ਹਿੱਸਾ ਲੈਣਗੇ। ਕੋਰੋਨਾ ਮਹਾਂਮਾਰੀ ਤੋਂ ਬਾਅਦ ਪਹਿਲੀ ਵਾਰ ਸਾਰੇ ਸਥਾਈ ਮੈਂਬਰ ਦੇਸ਼ਾਂ ਦੇ ਨੇਤਾ ਇੱਕ ਮੰਚ 'ਤੇ ਮੌਜੂਦ ਹੋਣਗੇ। ਇਸ SCO ਸੰਮੇਲਨ ਨੂੰ ਕਈ ਮਾਇਨਿਆਂ ਤੋਂ ਖਾਸ ਮੰਨਿਆ ਜਾ ਰਿਹਾ ਹੈ, ਕਿਉਂਕਿ ਪਾਕਿਸਤਾਨ ਦੇ ਪੀਐੱਮ ਸ਼ਾਹਬਾਜ਼ ਸ਼ਰੀਫ਼ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਇਸ ਵਿੱਚ ਹਿੱਸਾ ਲੈ ਰਹੇ ਹਨ। ਇਸ ਸੰਮੇਲਨ ਲਈ ਪੀਐਮ ਮੋਦੀ ਦੇ ਰਵਾਨਾ ਹੋਣ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਵੱਲੋਂ ਜਾਣਕਾਰੀ ਦਿੱਤੀ ਗਈ।
ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਇਸ ਕਾਨਫਰੰਸ 'ਚ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ, ਇਸ ਤੋਂ ਇਲਾਵਾ ਅੱਤਵਾਦ ਨਾਲ ਨਜਿੱਠਣ ਦੇ ਉਪਾਵਾਂ 'ਤੇ ਵੀ ਚਰਚਾ ਹੋਵੇਗੀ।
ਕਿਹੜੇ ਲੀਡਰਾਂ ਨਾਲ ਹੋਵੇਗੀ ਮੁਲਾਕਾਤ?
ਐਸਸੀਓ ਸੰਮੇਲਨ ਦੌਰਾਨ ਪੀਐਮ ਮੋਦੀ ਦੀਆਂ ਮੁਲਾਕਾਤਾਂ ਬਾਰੇ ਵਿਦੇਸ਼ ਸਕੱਤਰ ਨੇ ਕਿਹਾ ਕਿ ਇਸ ਦੌਰਾਨ ਪੀਐਮ ਮੋਦੀ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰਨਗੇ। ਇਸ ਦੇ ਨਾਲ ਹੀ ਪੀਐਮ ਮੋਦੀ ਹੋਰ ਨੇਤਾਵਾਂ ਨਾਲ ਵੀ ਗੱਲਬਾਤ ਕਰਨਗੇ। ਹਾਲਾਂਕਿ ਵਿਦੇਸ਼ ਸਕੱਤਰ ਨੇ ਇਹ ਨਹੀਂ ਦੱਸਿਆ ਕਿ ਪੀਐੱਮ ਮੋਦੀ ਸ਼ੀ ਜਿਨਪਿੰਗ ਅਤੇ ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਮੁਲਾਕਾਤ ਕਰਨਗੇ ਜਾਂ ਨਹੀਂ। ਜਦੋਂ ਵਿਦੇਸ਼ ਸਕੱਤਰ ਨੂੰ ਪੁੱਛਿਆ ਗਿਆ ਕਿ ਕੀ ਚੀਨ ਦੇ ਰਾਸ਼ਟਰਪਤੀ ਨਾਲ ਪੀਐਮ ਮੋਦੀ ਦੀ ਮੀਟਿੰਗ ਹੋਵੇਗੀ? ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਵੇਂ ਮੈਂ ਕਿਹਾ ਹੈ, ਮੇਜ਼ਬਾਨ ਦੇਸ਼ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਸਮੇਤ ਹੋਰ ਨੇਤਾਵਾਂ ਨੂੰ ਮਿਲਣਗੇ। ਫਿਲਹਾਲ ਅਸੀਂ ਇਸ ਤੋਂ ਵੱਧ ਕੁਝ ਨਹੀਂ ਕਹਿਣਾ ਚਾਹਾਂਗੇ। ਜਿਵੇਂ-ਜਿਵੇਂ ਪ੍ਰੋਗਰਾਮ ਅੱਗੇ ਵਧੇਗਾ ਅਸੀਂ ਤੁਹਾਨੂੰ ਸੂਚਿਤ ਕਰਦੇ ਰਹਾਂਗੇ।
ਵਿਦੇਸ਼ ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਇਸ ਸੰਮੇਲਨ ਦੌਰਾਨ ਵਪਾਰ ਅਤੇ ਸੈਰ-ਸਪਾਟਾ 'ਤੇ ਵੀ ਚਰਚਾ ਕੀਤੀ ਜਾਵੇਗੀ। ਪੀਐਮ ਮੋਦੀ ਅੱਜ ਸ਼ਾਮ ਤੱਕ ਉਜ਼ਬੇਕਿਸਤਾਨ ਦੇ ਸਮਰਕੰਦ ਪਹੁੰਚ ਜਾਣਗੇ। ਜਿਸ ਤੋਂ ਬਾਅਦ ਉਹ ਭਲਕੇ 16 ਸਤੰਬਰ ਨੂੰ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਸੰਮੇਲਨ ਵਿੱਚ ਦੋ ਸੈਸ਼ਨ ਹੋਣਗੇ। ਪਹਿਲਾ ਸੈਸ਼ਨ SCO ਦੇਸ਼ਾਂ ਦਾ ਹੀ ਹੋਵੇਗਾ। ਜਿਸ ਵਿੱਚ ਕੇਵਲ ਸਥਾਈ ਮੈਂਬਰ ਹੀ ਭਾਗ ਲੈ ਸਕਦੇ ਹਨ। ਇਸ ਤੋਂ ਬਾਅਦ ਦੂਜੇ ਸੈਸ਼ਨ ਵਿੱਚ ਅਬਜ਼ਰਵਰ ਦੇਸ਼ ਵੀ ਸ਼ਾਮਲ ਹੋਣਗੇ।
ਵਿਦੇਸ਼ ਸਕੱਤਰ ਨੇ ਕਿਹਾ ਕਿ ਇਸ ਪੂਰੇ ਸੰਮੇਲਨ ਦੌਰਾਨ ਸੁਰੱਖਿਆ, ਸੰਪਰਕ, ਵਪਾਰ, ਸੈਰ-ਸਪਾਟਾ ਅਤੇ ਹੋਰ ਮਾਮਲਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਭਾਰਤ ਮੱਧ ਏਸ਼ੀਆ ਅਤੇ ਗੁਆਂਢੀ ਦੇਸ਼ਾਂ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦੇਵੇਗਾ। SCO ਦੇ ਸੰਸਥਾਪਕ ਮੈਂਬਰ ਦੇਸ਼ ਚੀਨ, ਕਜ਼ਾਕਿਸਤਾਨ, ਕਿਰਗਿਸਤਾਨ, ਰੂਸ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਹਨ।