PM Narendra Modi Gift Jill Biden: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਸਾਲ 2023 ਵਿੱਚ ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਇਡੇਨ (jill biden) ਨੂੰ 17 ਲੱਖ ਰੁਪਏ ਦਾ ਹੀਰਾ ਗਿਫਟ ਕੀਤਾ ਸੀ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ, ਪੀਐਮ ਮੋਦੀ ਦਾ ਇਹ ਤੋਹਫ਼ਾ ਸਾਲ 2023 ਵਿੱਚ ਜਿਲ ਬਾਇਡੇਨ ਨੂੰ ਵਿਦੇਸ਼ੀ ਨੇਤਾਵਾਂ ਤੋਂ ਮਿਲਿਆ ਸਭ ਤੋਂ ਮਹਿੰਗਾ ਤੋਹਫ਼ਾ ਸੀ।


ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ (joe biden) ਤੇ ਉਨ੍ਹਾਂ ਦੇ ਪਰਿਵਾਰ ਨੂੰ ਸਾਲ 2023 'ਚ ਦੁਨੀਆ ਭਰ ਦੇ ਕਈ ਵਿਦੇਸ਼ੀ ਨੇਤਾਵਾਂ ਨੇ ਹਜ਼ਾਰਾਂ ਡਾਲਰ ਦੇ ਤੋਹਫੇ ਦਿੱਤੇ ਸਨ, ਜਿਸ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਤੋਹਫੇ ਦੀ ਕੀਮਤ 20 ਹਜ਼ਾਰ ਡਾਲਰ ਯਾਨੀ 17 ਲੱਖ ਰੁਪਏ ਸੀ।



ਪੀਐਮ ਮੋਦੀ ਦੁਆਰਾ ਦਿੱਤਾ ਗਿਆ 7.5 ਕੈਰੇਟ ਦਾ ਹੀਰਾ ਸਾਲ 2023 ਵਿੱਚ ਜੋ ਬਾਇਡੇਨ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਮਿਲਿਆ ਸਭ ਤੋਂ ਮਹਿੰਗਾ ਤੋਹਫਾ ਸੀ। ਵਿਦੇਸ਼ ਵਿਭਾਗ ਦੀ ਸਾਲਾਨਾ ਰਿਪੋਰਟ ਦੇ ਅਨੁਸਾਰ, ਸੰਯੁਕਤ ਰਾਜ ਵਿੱਚ ਯੂਕਰੇਨ ਦੇ ਰਾਜਦੂਤ ਨੇ ਜੋ ਬਾਇਡੇਨ ਅਤੇ ਉਸਦੇ ਪਰਿਵਾਰ ਨੂੰ US $ 14,063 ਦਾ ਇੱਕ ਬਰੋਚ ਤੇ ਬਰੇਸਲੇਟ ਤੋਹਫੇ ਵਿੱਚ ਦਿੱਤਾ। ਮਿਸਰ ਦੇ ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਨੇ US$4,510 ਦੀ ਕੀਮਤ ਦਾ ਇੱਕ ਬਰੋਚ ਅਤੇ ਫੋਟੋ ਐਲਬਮ ਤੋਹਫੇ ਵਜੋਂ ਦਿੱਤੀ।


ਬਾਇਡੇਨ ਪਰਿਵਾਰ ਨੂੰ ਮਿਲੇ ਤੋਹਫ਼ੇ ਕਿੱਥੇ ਰੱਖੇ ਗਏ ?


ਵਿਦੇਸ਼ ਵਿਭਾਗ ਦੇ ਅਨੁਸਾਰ, 20,000 ਅਮਰੀਕੀ ਡਾਲਰ ਦੀ ਕੀਮਤ ਵਾਲੇ ਹੀਰੇ ਨੂੰ ਸਰਕਾਰੀ ਉਦੇਸ਼ਾਂ ਲਈ ਵ੍ਹਾਈਟ ਹਾਊਸ ਦੇ ਈਸਟ ਵਿੰਗ ਵਿੱਚ ਰੱਖਿਆ ਗਿਆ ਹੈ। ਜੋ ਬਾਇਡੇਨ ਤੇ ਜਿਲ ਬਾਇਡੇਨ ਦੁਆਰਾ ਪ੍ਰਾਪਤ ਹੋਰ ਤੋਹਫ਼ੇ ਆਰਕਾਈਵ ਨੂੰ ਭੇਜ ਦਿੱਤੇ ਗਏ ਹਨ।


ਜੋ ਬਾਇਡੇਨ ਤੇ ਜਿਲ ਬਾਇਡੇਨ ਦੇ ਤੋਹਫ਼ਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਕਈ ਹੋਰ ਮਹਿੰਗੇ ਤੋਹਫ਼ੇ ਵੀ ਮਿਲੇ ਹਨ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ-ਯੋਲ ਤੋਂ US $ 7,100 ਦੀ ਇੱਕ ਫੋਟੋ ਐਲਬਮ ਪ੍ਰਾਪਤ ਕੀਤੀ ਗਈ ਸੀ, ਮੰਗੋਲੀਆਈ ਪ੍ਰਧਾਨ ਮੰਤਰੀ ਤੋਂ US $ 3,495 ਦੀ ਕੀਮਤ ਵਾਲੀ ਮੰਗੋਲੀਆਈ ਯੋਧਿਆਂ ਦੀ ਇੱਕ ਮੂਰਤੀ ਇੱਕ ਤੋਹਫ਼ੇ ਵਜੋਂ ਪ੍ਰਾਪਤ ਕੀਤੀ ਗਈ ਸੀ। 



ਇਸ ਤੋਂ ਇਲਾਵਾ ਬਰੂਨੇਈ ਦੇ ਸੁਲਤਾਨ ਨੇ 3000 ਅਮਰੀਕੀ ਡਾਲਰ ਮੁੱਲ ਦਾ ਚਾਂਦੀ ਦਾ ਕਟੋਰਾ, ਇਜ਼ਰਾਈਲ ਦੇ ਰਾਸ਼ਟਰਪਤੀ ਨੇ 3160 ਅਮਰੀਕੀ ਡਾਲਰ ਮੁੱਲ ਦੀ ਚਾਂਦੀ ਦੀ ਟ੍ਰੇ ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ 2400 ਅਮਰੀਕੀ ਡਾਲਰ ਦਾ ਤੋਹਫਾ ਦਿੱਤਾ।