ਈਡਨਬਰਗ: ਈਡਨਬਰਗ ਸਥਿਤ ਗੁਰਦੁਆਰੇ 'ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਗੁਰਦੁਆਰੇ ਦਾ ਮੁੱਖ ਦੁਆਰ ਸੜ ਗਿਆ ਤੇ ਦੀਵਾਨ ਹਾਲ ਤੱਕ ਅੱਗ ਦੀਆਂ ਲਪਟਾਂ ਫੈਲ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਪੰਜ ਵਜੇ ਦੇ ਕਰੀਬ ਵਾਪਰੀ ਘਟਨਾ ਤੋਂ ਬਾਅਦ ਗੁਰੂ ਨਾਨਕ ਗੁਰਦੁਆਰੇ ਵਿੱਚ ਹੰਗਾਮੀ ਸਥਿਤੀ ਨਾਲ ਨਜਿੱਠਣ ਵਾਲੀ ਟੀਮ ਅੱਗ ਉੱਤੇ ਕਾਬੂ ਪਾਉਣ ਲਈ ਪੁੱਜੀ। ਸੰਗਤ ਨੂੰ ਇਹ ਜਾਣਕਾਰੀ ਸ਼ੋਸ਼ਲ ਮੀਡੀਆ ਉੱਤੇ ਸੋਮਵਾਰ ਨੂੰ ਪੋਸਟ ਪਾ ਕੇ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਦਿੱਤੀ ਗਈ।


 

ਇਸ ਘਟਨਾ ਵਿੱਚ ਗੁਰਦੁਆਰੇ ਦੇ ਮੁੱਖ ਗੇਟ ਨੂੰ ਅੱਗ ਲੱਗ ਗਈ ਸੀ। ਅੱਗ ਦੀਆਂ ਲਪਟਾਂ ਉੱਤੇ ਕਾਬੂ ਪਾਉਣ ਲਈ ਅੱਗ ਬਝਾਊ ਦਸਤੇ ਦੇ ਵੀਹ ਮੈਂਬਰ ਲੱਗੇ ਰਹੇ। ਇੱਕ ਫੇਸਬੁੱਕ ਪੋਸਟ ਅਨੁਸਾਰ ਗੁਰਦੁਆਰੇ ਦੇ ਮੁੱਖ ਦੁਆਰ ਉੱਤੇ ਪੈਟਰੋਲ ਬੰਬ ਨਾਲ ਹਮਲਾ ਹੋਣ ਦਾ ਦਾਅਵਾ ਕੀਤਾ ਗਿਆ। ਅੱਗ ਲੱਗਣ ਤੋਂ ਬਾਅਦ ਗੁਰਦੁਆਰੇ ਅੰਦਰ ਧੂੰਆਂ ਫੈਲਣ ਨਾਲ ਹਾਲਤ ਖਰਾਬ ਹੋ ਗਈ। ਪੁਲਿਸ ਨੇ ਗੁਰਦੁਆਰੇ ਨੂੰ ਸਫਾਈ ਤੋਂ ਪਹਿਲਾਂ ਖੋਲ੍ਹਣ ਤੋਂ ਮਨ੍ਹਾਂ ਕਰ ਦਿੱਤਾ।

ਇਸ ਘਟਨਾ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਸਿਰੋਪੇ ਸੁਰੱਖਿਅਤ ਹਨ ਪਰ ਦੀਵਾਨ ਹਾਲ ਵਿੱਚ ਕਾਲਖ਼ ਫੈਲ ਗਈ ਹੈ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫੌਰੈਂਸਿਕ ਮਾਹਿਰ ਵੀ ਪੁੱਜ ਗਏ ਹਨ। ਪ੍ਰਬੰਧਕਾਂ ਨੇ ਕਿਹਾ ਹੈ ਕਿ ਜਦੋਂ ਹੀ ਸਥਿਤੀ ਆਮ ਵਰਗੀ ਹੋ ਜਾਵੇਗੀ ਤਾਂ ਸੰਗਤ ਨੂੰ ਤੂਰੰਤ ਸੂਚਿਤ ਕੀਤਾ ਜਾਵੇਗਾ।