ਚੰਡੀਗੜ੍ਹ: ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਨੌਜਵਾਨ ਕਮਲਜੀਤ ਸੱਗੂ ਨੂੰ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੇ ਮਾਮਲੇ ਵਿੱਚ ਜ਼ੁਰਮਾਨਾ ਲਾਇਆ ਗਿਆ ਹੈ ਤੇ ਉਸ ਦੇ ਵਾਹਨ ਚਲਾਉਣ ’ਤੇ ਵੀ 17 ਮਹੀਨਿਆਂ ਦੀ ਪਾਬੰਧੀ ਲਾ ਦਿੱਤੀ ਗਈ ਹੈ। ਖ਼ਾਸ ਗੱਲ ਇਹ ਹੈ ਕਿ ਸੱਗੂ ਦੀ ਪ੍ਰੇਮਿਕਾ ਨੇ ਹੀ ਉਸ ਨੂੰ ਗ੍ਰਿਫਤਾਰ ਕਰਾਇਆ ਹੈ। ਦਰਅਸਲ ਲੜਕੀ ਸੱਗੂ ਨਾਲ ਨਾਰਾਜ਼ ਸੀ ਤੇ ਉਸ ਨੇ ਹੀ ਨੌਜਵਾਨ ਵੱਲੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ।

ਹਾਸਲ ਜਾਣਕਾਰੀ ਮੁਤਾਬਕ ਕਮਲਜੀਤ ਸੱਗੂ 18 ਜੂਨ ਨੂੰ ਆਪਣਾ 44ਵਾਂ ਜਨਮ ਦਿਨ ਮਨਾਉਣ ਲਈ ਆਪਣੀ ਗਰਲਫਰੈਂਡ ਨਾਲ ਘਰੋਂ ਬਾਹਰ ਨਿਕਲਿਆ ਸੀ। ਇਸੇ ਦੌਰਾਨ ਦੋਵਾਂ ਵਿੱਚ ਝਗੜਾ ਹੋ ਗਿਆ। ਇਸ ਦੇ ਬਾਅਦ ਸਾਗੂ ਆਪਣੀ ਕਾਰ ਵਿੱਚ ਸਿਗਰਟ ਪੇਪਰ ਖਰੀਦਣ ਲਈ ਨਿਕਲਿਆ। ਇਸੇ ਮੌਕੇ ਉਸ ਦੀ ਪ੍ਰੇਮਿਕਾ ਨੇ ਪੁਲਿਸ ਨੂੰ ਫੋਨ ਕਰਕੇ ਸਾਗੂ ਦੇ ਨਸ਼ਾ ਕਰਕੇ ਵਾਹਨ ਚਲਾਉਣ ਦੀ ਇਤਲਾਹ ਦੇ ਦਿੱਤੀ।

ਪ੍ਰੋਸੀਕਿਊਟਰ ਲੋਰਨਾ ਰਿਮੇਲ ਨੇ ਉੱਤਰ ਟਿਨੇਸਾਈਡ ਦੀ ਮੈਜਿਸਟ੍ਰੇਟ ਅਦਾਲਤ ਨੂੰ ਦੱਸਿਆ ਕਿ ਸਾਗੂ ਦੇ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੀ ਸੂਚਨਾ ਉਸੇ ਦੀ ਪ੍ਰੇਮਿਕਾ ਨੇ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਉਸ ਦਾ ਸ਼ਰਾਬ ਪੀਣ ਦਾ ਟੈਸਟ ਕੀਤਾ ਗਿਆ ਜਿਸ ਵਿੱਚ ਫੇਲ੍ਹ ਹੋ ਗਿਆ ਸੀ।