ਨਿਊਯਾਰਕ: ਅਮਰੀਕਾ ਦੇ ਸਰਹੱਦੀ ਗਸ਼ਤ ਅਧਿਕਾਰੀਆਂ ਨੇ ਗੈਰਕਾਨੂੰਨੀ ਤਰੀਕੇ ਨਾਲ ਕਿਸ਼ਤੀ ਰਾਹੀਂ ਮੈਕਸੀਕੋ ਤੋਂ ਕੈਲੇਫੋਰਨੀਆ ਸਰਹੱਦ ਰਾਹੀਂ ਅਮਰੀਕਾ 'ਚ ਦਾਖਲ ਹੁੰਦੇ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ 'ਚ ਦੋ ਭਾਰਤੀ ਵੀ ਸ਼ਾਮਲ ਹਨ। ਅਮਰੀਕਾ ਦੇ ਸਰਹੱਦੀ ਅਧਿਕਾਰੀਆਂ ਨੇ ਅਮਰੀਕਾ ਦੇ ਗ੍ਰਹਿ ਵਿਭਾਗ ਦੇ ਤਾਲਮੇਲ ਨਾਲ ਇਹ ਕਾਰਵਾਈ ਕੀਤੀ ਹੈ।


ਐਤਵਾਰ ਦੇਰ ਰਾਤ ਮੈਕਸੀਕੋ ਤੋਂ ਕੈਲੇਫੋਰਨੀਆ 'ਚ ਦਾਖਲ ਹੋ ਰਹੇ ਕਿਸ਼ਤੀ 'ਚ ਸਵਾਰ ਇਨ੍ਹਾਂ 19 ਲੋਕਾਂ 'ਚੋਂ ਦੋ ਸਮਗਲਰ ਹਨ ਜਦਕਿ ਬਾਕੀ 17 ਗੈਰਕਾਨੂੰਨੀ ਤਰੀਕੇ ਅਮਰੀਕਾ 'ਚ ਦਾਖਲ ਹੋਣ ਦੀ ਫਿਰਾਕ 'ਚ ਸਨ। ਗ੍ਰਿਫਤਾਰ ਕਰਨ ਤੋਂ ਬਾਅਦ ਇਨ੍ਹਾਂ ਨੂੰ ਅਗਲੇਰੀ ਕਾਰਵਾਈ ਲਈ ਬਾਰਡਰ ਗਸ਼ਤ ਸਟੇਸ਼ਨ ਲਿਜਾਇਆ ਗਿਆ। ਇਨ੍ਹਾਂ 'ਚੋਂ ਦੋ ਭਾਰਤੀ ਨਾਗਰਿਕ ਹਨ ਜਦਕਿ ਬਾਕੀ 17 ਮੈਕਸੀਕਨ ਹਨ।


ਜ਼ਿਕਰਯੋਗ ਹੈ ਕਿ ਸਾਲ 2013 'ਤੋਂ ਹੁਣ ਤੱਕ ਮੱਧ ਅਮਰੀਕਾ ਰਾਹੀਂ 5 ਲੱਖ ਗੈਰਕਾਨੂੰਨੀ ਪਰਵਾਸੀ ਅਮਰੀਕਾ 'ਚ ਪਹੁੰਚੇ ਜਿਨ੍ਹਾਂ 'ਚੋਂ ਜ਼ਿਆਦਾਤਰ ਹੁਣ ਅਮਰੀਕਾ 'ਚ ਹਨ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਬਿਨਾਂ ਦਸਤਾਵੇਜ਼ ਅਮਰੀਕਾ 'ਚ ਦਾਖਲ ਹੋਣ ਵਾਲੇ ਲੋਕਾਂ ਨੂੰ ਆਯੋਗ ਸਮਝਿਆ ਜਾਂਦਾ ਹੈ।


ਅਮਰੀਕੀ ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ ਗੈਰਕਾਨੂੰਨੀ ਤਰੀਕੇ ਦੇਸ਼ 'ਚ ਦਾਖਲ ਹੋਣ ਵਾਲੇ ਲੋਕਾਂ ਲਈ ਟਰੰਪ ਪ੍ਰਸ਼ਾਸਨ ਨੇ 'ਜ਼ੀਰੋ ਟੌਲਰੈਂਸ' ਨੀਤੀ ਲਾਗੂ ਕੀਤੀ ਸੀ। ਇਸ ਤਹਿਤ ਅਮਰੀਕਾ 'ਚ ਗੈਰਕਾਨੂੰਨੀ ਤੌਰ 'ਤੇ ਦੋਸ਼ 'ਚ ਦਾਖਲ ਹੋਣ ਵਾਲੇ ਲੋਕਾਂ 'ਤੇ ਮੁਕੱਦਮਾ ਚਲਾਇਆ ਗਿਆ ਸੀ ਜਿਨ੍ਹਾਂ 'ਚ ਸ਼ਰਣ ਲੈਣ ਵਾਲੇ ਵੀ ਸ਼ਾਮਲ ਹਨ।


ਇਸ ਨੀਤੀ ਤਹਿਤ 19 ਅਪ੍ਰੈਲ ਤੋਂ 31 ਮਈ ਤੱਕ 2000 ਤੋਂ ਵੱਧ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕੀਤਾ ਗਿਆ ਸੀ ਹਾਲਾਂਕਿ ਟਰੰਪ ਪ੍ਰਸ਼ਾਸਨ ਨੂੰ ਇਸ ਫੈਸਲੇ ਲਈ ਸਾਰੇ ਪਾਸਿਆਂ ਤੋਂ ਤਿੱਖਾ ਵਿਰੋਧ ਸਹਿਣਾ ਪਿਆ ਸੀ।