Viral Video: ਭਾਰਤ ਵਰਗੇ ਦੇਸ਼ 'ਚ ਜਿਹੜਾ ਸਿਆਸਤਦਾਨ ਇੱਕ ਵਾਰ ਕਿਸੇ ਅਹੁਦੇ ਉਪਰ ਬਿਰਾਜਮਾਨ ਹੋ ਜਾਏ ਤਾਂ ਉਸ ਦਾ ਲਾਹਾ ਸਾਰੀ ਉਮਰ ਲੈਂਦਾ ਹੈ। ਬਹੁਤ ਸਾਰੇ ਲੀਡਰ ਜਨਤਾ ਦੇ ਪੈਸੇ ਨਾਲ ਸਾਰੀ ਉਮਰ ਸੁਰੱਖਿਆ ਤੇ ਹੋਰ ਸਰਕਾਰੀ ਸਹੂਲਤਾਂ ਦਾ ਅਨੰਦ ਮਾਣਦੇ ਹਨ ਪਰ ਯੂਰਪ ਦੇ ਕਿਸੇ ਵੱਡੇ ਦੇਸ਼ 'ਚ ਸ਼ਨੀਵਾਰ ਨੂੰ ਜੋ ਦੇਖਣ ਨੂੰ ਮਿਲਿਆ, ਉਹ ਭਾਰਤ 'ਚ ਘੱਟ ਹੀ ਦੇਖਣ ਨੂੰ ਮਿਲਦਾ ਹੈ।


ਦਰਅਸਲ ਹੋਇਆ ਇਹ ਕਿ ਨੀਦਰਲੈਂਡ (ਡੱਚ) ਦੇ ਸਾਬਕਾ ਪ੍ਰਧਾਨ ਮੰਤਰੀ ਮਾਰਕ ਰੁਟੇ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਸੱਤਾ ਦੀਆਂ ਚਾਬੀਆਂ ਨਵੇਂ ਪ੍ਰਧਾਨ ਮੰਤਰੀ ਨੂੰ ਸੌਂਪਣ ਤੋਂ ਬਾਅਦ ਸਿੱਧੇ ਆਪਣੀ ਸਾਈਕਲ 'ਤੇ ਸਵਾਰ ਹੋ ਕੇ ਚਲੇ ਗਏ। ਇਸ ਦੌਰਾਨ ਚਾਰੇ ਪਾਸੇ ਮੌਜੂਦ ਮੀਡੀਆ ਵਾਲੇ ਉਨ੍ਹਾਂ ਦੀਆਂ ਫੋਟੋਆਂ ਤੇ ਵੀਡੀਓਜ਼ ਲੈਂਦੇ ਨਜ਼ਰ ਆਏ।


ਸਾਬਕਾ ਆਈਪੀਐਸ ਅਧਿਕਾਰੀ ਤੇ ਪੁਡੂਚੇਰੀ ਦੀ ਸਾਬਕਾ ਰਾਜਪਾਲ ਕਿਰਨ ਬੇਦੀ ਨੇ ਆਪਣੇ ਅਧਿਕਾਰਤ ਐਕਸ ਹੈਂਡਲ ਉਪਰ ਸਾਬਕਾ ਡੱਚ ਪ੍ਰਧਾਨ ਮੰਤਰੀ ਵੱਲੋਂ ਸਾਈਕਲ 'ਤੇ ਸਵਾਰ ਹੋ ਕੇ ਪੀਐਮ ਹਾਊਸ ਨੂੰ ਅਲਵਿਦਾ ਕਹਿਣ ਦਾ ਵੀਡੀਓ ਸਾਂਝਾ ਕੀਤਾ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, '14 ਸਾਲ ਸੱਤਾ 'ਚ ਰਹਿਣ ਤੋਂ ਬਾਅਦ ਸਾਬਕਾ ਡੱਚ ਪ੍ਰਧਾਨ ਮੰਤਰੀ ਮਾਰਕ ਰੁਟੇ ਨੇ ਅਧਿਕਾਰਤ ਤੌਰ 'ਤੇ ਆਪਣੇ ਉੱਤਰਾਧਿਕਾਰੀ ਡਿਕ ਸ਼ੂਫ ਨੂੰ ਸੱਤਾ ਸੌਂਪਣ ਦੀ ਰਸਮ ਪੂਰੀ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦਫਤਰ ਛੱਡ ਦਿੱਤਾ।' 



ਇਹ ਵੀਡੀਓ ਫਿਲਹਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ, ਰੂਟੇ ਸਾਈਕਲ 'ਤੇ ਸਵਾਰ ਹੋ ਕੇ ਦਫਤਰ ਤੋਂ ਨਿਕਲਦੇ ਹੋਏ ਦਿਖਾਈ ਦੇ ਰਹੇ ਹਨ, ਜਦੋਂਕਿ ਉਨ੍ਹਾਂ ਦੇ ਸਟਾਫ ਦੇ ਮੈਂਬਰ ਉਨ੍ਹਾਂ ਨੂੰ ਹੱਥ ਹਿਲਾ ਕੇ ਉਤਸ਼ਾਹਿਤ ਕਰ ਰਹੇ ਹਨ।



ਨੀਦਰਲੈਂਡ ਦਾ ਨਵਾਂ ਪ੍ਰਧਾਨ ਮੰਤਰੀ ਕੌਣ?


14 ਸਾਲਾਂ ਤੱਕ ਦੇਸ਼ ਦੀ ਅਗਵਾਈ ਕਰਨ ਤੋਂ ਬਾਅਦ ਰੂਟੇ ਨੇ ਸਾਬਕਾ ਖੁਫੀਆ ਮੁਖੀ ਡਿਕ ਸ਼ੂਫ ਨੂੰ ਅਗਵਾਈ ਸੌਂਪੀ, ਜਿਨ੍ਹਾਂ ਨੇ ਅਧਿਕਾਰਤ ਤੌਰ 'ਤੇ ਰਾਜਾ ਵਿਲਮ-ਅਲੈਗਜ਼ੈਂਡਰ ਦੁਆਰਾ ਨਿਗਰਾਨੀ ਕੀਤੇ ਗਏ ਇੱਕ ਸਮਾਰੋਹ ਵਿੱਚ ਅਹੁਦਾ ਸੰਭਾਲਿਆ। ਸ਼ੂਫ ਨੇ ਮੰਗਲਵਾਰ ਨੂੰ ਲੰਬੇ ਸਮੇਂ ਤੋਂ ਪ੍ਰਧਾਨ ਮੰਤਰੀ ਰਹੇ ਮਾਰਕ ਰੁਟੇ ਤੋਂ ਅਧਿਕਾਰਤ ਤੌਰ 'ਤੇ ਅਹੁਦਾ ਸੰਭਾਲ ਲਿਆ। 


ਨਵੇਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਰਵਾਇਤੀ ਰਾਜਨੀਤਕ ਦ੍ਰਿਸ਼ ਤੋਂ ਇੱਕ ਮਹੱਤਵਪੂਰਨ ਤਬਦੀਲੀ ਦੀ ਨਿਸ਼ਾਨਦੇਹੀ ਕਰਦੀ ਹੈ, ਕਿਉਂਕਿ ਉਹ ਬਿਨਾਂ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਚੋਣ ਗਤੀਵਿਧੀਆਂ ਤੋਂ ਦੂਰ ਰਹੇ ਸਨ।