ਨਿਊਯਾਰਕ: ਭਾਰਤ ਸਰਕਾਰ ਵੱਲੋਂ ਕਸ਼ਮੀਰ ਤੋਂ ਵਿਸ਼ੇਸ਼ ਦਰਜੇ ਦਾ ਅਧਿਕਾਰ ਵਾਪਸ ਲੈਣ ਦੇ ਵਿਰੋਧ 'ਚ ਸੰਯੁਕਰ ਰਾਸ਼ਟਰ (ਯੂਐਨ) ਦੇ ਦਫ਼ਤਰ ਬਾਹਰ ਕੁਝ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦਾ ਖ਼ਾਲਿਸਤਾਨ ਪੱਖੀ ਸਿੱਖਾਂ ਨੇ ਵੀ ਸਮਰਥਨ ਕੀਤਾ। ਭਾਰਤੀ ਦੂਤਾਵਾਸ ਤੋਂ ਯੂਐਨ ਦੇ ਦਫ਼ਤਰ ਤਕ ਕੀਤੇ ਇਸ ਰੋਸ ਪ੍ਰਦਰਸ਼ਨ 'ਚ 400 ਲੋਕਾਂ ਨੇ ਹਿੱਸਾ ਲਿਆ। ਉਹ ਖ਼ਾਲਿਸਤਾਨ ਤੇ ਕਸ਼ਮੀਰ ਸਬੰਧੀ ਨਾਅਰੇ ਲਾ ਰਹੇ ਸਨ।

ਪ੍ਰਦਰਸ਼ਨਕਾਰੀਆਂ ਨੇ ਹੱਥਾਂ 'ਚ ਪਾਕਿ ਮਕਬੂਜ਼ਾ ਕਸ਼ਮੀਰ, ਪੀਲੇ ਖ਼ਾਲਿਸਤਾਨੀ ਤੇ ਨੀਲੇ 'ਰੈਫ਼ਰੈਂਡਮ 2020' ਦੇ ਝੰਡੇ ਵੀ ਫੜੇ ਹੋਏ ਸਨ। ਜ਼ਿਆਦਾਤਰ ਪ੍ਰਦਰਸ਼ਨਕਾਰੀ ਸਿੱਖ ਤੇ ਕੁਝ ਪਾਕਿਸਤਾਨੀ ਤੇ ਕਸ਼ਮੀਰੀ ਹੀ ਸਨ। ਪ੍ਰਦਰਸ਼ਨਕਾਰੀਆਂ ਨੇ ਇਹ ਪ੍ਰਦਰਸ਼ਨ 'ਕਸ਼ਮੀਰੀ ਤੇ ਖ਼ਾਲਿਸਤਾਨ ਪੱਖੀ ਸਿੱਖ' ਤੇ 'ਸਥਾਨਕ ਸਿੱਖ ਗੁਰਦੁਆਰਿਆਂ' ਦੇ ਸਹਿਯੋਗ ਨਾਲ ਕੀਤਾ।

ਸੰਗਠਨ ਸਿੱਖ ਫ਼ਾਰ ਜਸਟਿਸ ਦੇ ਮੁੱਖ ਪ੍ਰਬੰਧਕ ਗੁਰਪਤਵੰਤ ਸਿੰਘ ਪਨੂੰ ਨੇ ਕਿਹਾ ਕਿ ਕਸ਼ਮੀਰੀਆਂ ਨਾਲ ਕੀਤੇ ਧੋਖੇ ਤੋਂ ਉਹ ਦੁਖੀ ਹਨ। ਗਠਨ ਵੱਲੋਂ ਅਗਲੇ ਸਾਲ 'ਰੈਫ਼ਰੈਂਡਮ 2020' ਸ਼ੁਰੂ ਕੀਤਾ ਜਾ ਰਿਹਾ ਹੈ। ਪਨੂੰ ਨੇ ਕਿਹਾ ਕਿ ਉਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਜਨਰਲ ਸਕੱਤਰ ਐਂਟੋਨੀਓ ਗੁਟਰੇਜ਼ ਨੂੰ ਮੰਗ ਪੱਤਰ ਦੇਣਗੇ, ਜਿਸ 'ਚ ਕਸ਼ਮੀਰ ਵਿੱਚ ਭਾਰਤ ਸਰਕਾਰ ਵੱਲੋਂ ਕੀਤੀ ਤਾਨਾਸ਼ਾਹੀ ਕਾਰਵਾਈ ਬਾਰੇ ਜਾਣੂ ਕਰਵਾਇਆ ਜਾਵੇਗਾ।

ਇਸ ਦੇ ਨਾਲ ਹੀ ਖ਼ਾਲਿਸਤਾਨੀ 'ਰੈਫ਼ਰੈਂਡਮ' ਦੀਆਂ ਮੰਗਾਂ ਬਾਰੇ ਵੀ ਦੱਸਿਆ ਜਾਵੇਗਾ। ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਦੇ ਪ੍ਰਧਾਨ ਕੁਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਕਸ਼ਮੀਰੀਆਂ ਲਈ ਕੀਤੇ ਪ੍ਰਦਰਸ਼ਨ ਨੂੰ ਉਨ੍ਹਾਂ ਦੇ ਸੰਗਠਨ ਵੱਲੋਂ ਪੂਰਾ ਸਮਰਥਨ ਦਿੱਤਾ ਗਿਆ ਹੈ। ਭਾਰਤ ਸਰਕਾਰ ਵੱਲੋਂ ਕਸ਼ਮੀਰ ਬਾਰੇ ਲਏ ਫ਼ੈਸਲੇ ਦੀ ਉਹ ਨਿਖੇਧੀ ਕਰਦੇ ਹਨ ਤੇ ਜੰਮੂ-ਕਸ਼ਮੀਰ ਨੂੰ ਮੁੜ ਪੁਰਾਣਾ ਦਰਜਾ ਵਾਪਸ ਦਿੱਤਾ ਜਾਣਾ ਚਾਹੀਦਾ ਹੈ।