ਇਸਲਾਮਾਬਾਦ: ਪੈਗੰਬਰ ਮੁਹੰਮਦ ਸਾਹਬ ਦੇ ਇੱਕ ਕਾਰਟੂਨ ਦੇ ਕਾਰਨ ਫ਼ਰਾਂਸ ਸਖ਼ਤ ਅਲੋਚਨਾ ਦਾ ਸਾਹਮਣਾ ਕਰ ਰਿਹਾ ਹੈ। ਹੋਰ ਮੁਲਕਾਂ ਦੇ ਨਾਲ ਨਾਲ ਹੁਣ ਪਾਕਿਸਤਾਨ ਵਿੱਚ ਫ਼ਰਾਂਸ ਦਾ ਜ਼ੋਰਦਾਰ ਵਿਰੋਧ ਹੋ ਰਿਹਾ ਹੈ।ਸੋਮਵਾਰ ਨੂੰ ਰਾਜਧਾਨੀ ਇਸਲਾਮਾਬਾਦ ਜਾਣ ਵਾਲੀ ਇੱਕ ਵੱਡੀ ਸੜਕ ਨੂੰ ਸੀਲ ਕਰਨਾ ਪੈ ਗਿਆ ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਇੱਥੇ ਵਿਰੋਧ ਪ੍ਰਦਰਸ਼ਨ ਕਰਨ ਲਈ ਸੜਕਾਂ ਕੇ ਉੱਤਰ ਆਏ।ਦੱਸ ਦੇਈਏ ਕਿ ਐਤਵਾਰ ਇਹ 5000 ਦੇ ਕਰੀਬ ਲੋਕਾਂ ਦੀ ਭੀੜ ਰਾਵਲਪਿੰਡੀ ਤੋਂ ਰੈਲੀ ਕੱਢਦੀ ਇਸਲਾਮਾਬਾਦ ਪਹੁੰਚੀ।ਇਸ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਕਈ ਥਾਂ ਝੜਪ ਵੀ ਹੋਈ।



ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਰਾਜਧਾਨੀ ਵਿੱਚ ਵਿਰੋਧ ਕੀਤਾ।ਇੱਥੇ ਮੋਬਾਇਲ ਸੇਵਾ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਜਿਸ ਨੂੰ ਦੁਪਹਿਰ ਵੇਲੇ ਮੁੜ ਬਾਹਲ ਕੀਤਾ ਗਿਆ।ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਇਸਲਾਮ ਬਾਰੇ ਤਾਜ਼ਾ ਟਿੱਪਣੀਆਂ ਦੇ ਜਵਾਬ ਵਿੱਚ ਪਾਕਿਸਤਾਨ ਨੇ ਪਿਛਲੇ ਕੁਝ ਹਫ਼ਤਿਆਂ ਵਿੱਚ ਛੋਟੇ ਛੋਟੇ ਕਈ ਵਿਰੋਧ ਪ੍ਰਦਰਸ਼ਨ ਵੇਖੇ ਹਨ।



ਐਤਵਾਰ ਦਾ ਮਾਰਚ ਕੱਟੜਪੰਥੀ ਮੌਦੀਮ ਹੁਸੈਨ ਰਿਜਵੀ ਵਲੋਂ ਆਯੋਜਿਤ ਕੀਤਾ ਗਿਆ ਸੀ, ਜਿਸਦੀ ਪਾਰਟੀ, ਤਹਿਰੀਕ-ਏ-ਲੈਬਬੇਕ ਪਾਕਿਸਤਾਨ (ਟੀਐਲਪੀ) ਇਸ ਮੁੱਦੇ ਨੂੰ ਲੈ ਕੇ ਹਿੰਸਕ ਵਿਰੋਧ ਪ੍ਰਦਰਸ਼ਨ ਲਈ ਜਾਣੀ ਜਾਂਦੀ ਹੈ।ਪ੍ਰਦਰਸ਼ਨਕਾਰੀ ਇਸਲਾਮਾਬਾਦ 'ਚ ਮੌਜੂਦ ਫ਼ਰਾਂਸ ਦੇ ਦੂਤਾਵਾਸ (Embassy) ਨੂੰ ਬੰਦ ਕਰਨ ਦੀ ਮੰਗ ਕਰ ਰਹੇ ਹਨ।


ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਫਰਾਂਸ ਵਿੱਚ ਇੱਕ ਅਧਿਆਪਕ ਨੇ ਕਲਾਸ ਦੇ ਅੰਦਰ ਪੈਗੰਬਰ ਮੁਹੰਮਦ ਸਾਹਬ ਦਾ ਇੱਕ ਕਾਰਟੂਨ ਦਿਖਾਇਆ ਸੀ। ਜਿਸ ਤੋਂ ਬਾਅਦ ਇਕ ਵਿਦਿਆਰਥੀ ਨੇ ਉਸ ਅਧਿਆਪਕ ਦਾ ਸਿਰ ਕਲਮ ਕਰ ਹੱਤਿਆ ਕਰ ਦਿੱਤੀ ਸੀ। ਹਾਲਾਂਕਿ, ਉਸ ਤੋਂ ਬਾਅਦ ਮੁਕਾਬਲੇ ਵਿੱਚ ਪੁਲਿਸ ਵਲੋਂ ਉਸ ਵਿਦਿਆਰਥੀ ਨੂੰ ਵੀ ਗੋਲੀ ਮਾਰ ਢੇਰ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇਸ ਨੂੰ ਇਸਲਾਮਿਕ ਅੱਤਵਾਦ ਕਰਾਰ ਦਿੱਤਾ ਸੀ ਅਤੇ ਇਸਲਾਮ ਦੇ ਖਿਲਾਫ ਵਿਵਾਦਪੂਰਨ ਬਿਆਨਬਾਜ਼ੀ ਕੀਤੀ ਸੀ। ਮੈਕਰੋਨ ਨੇ ਪੈਗੰਬਰ ਮੁਹੰਮਦ ਦੇ ਕਾਰਟੂਨ ਨੂੰ ਜਾਰੀ ਰੱਖਣ ਦੇ ਲਈ ਵੀ ਕਿਹਾ ਸੀ।