ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਰਿਕਾਰਡ ਵੋਟਾਂ ਹਾਸਲ ਕਰ ਕੇ ਜੋਅ ਬਾਇਡੇਨ ਅਮਰੀਕਾ ਦੇ 64ਵੇਂ ਰਾਸ਼ਟਰਪਤੀ ਬਣਨ ਜਾ ਰਹੇ ਹਨ। ਡੈਮੋਕ੍ਰੈਟਿਕ ਉਮੀਦਵਾਰ ਵਜੋਂ ਨਾਂ ਐਲਾਨੇ ਜਾਣ ਤੋਂ ਬਾਅਦ ਚੋਣ ਰੈਲੀਆਂ ਤੋਂ ਲੈ ਕੇ ਚੋਣ ਨਤੀਜਿਆਂ ਤੱਕ ਜੋਅ ਬਾਇਡੇਨ ਦੀ ਪਤਨੀ ਜਿਲ ਬਾਇਡੇਨ ਪਰਛਾਵੇਂ ਵਾਂਗ ਹਰ ਛਿਣ ਉਨ੍ਹਾਂ ਨਾਲ ਖੜ੍ਹੇ ਰਹੇ ਹਨ।
ਦੱਸ ਦੇਈਏ ਕਿ ਜਿਲ ਬਾਇਡੇਨ ਇੱਕ ਅਧਿਆਪਕਾ ਹਨ। ਹੁਣ ਅਮਰੀਕਾ ’ਚ ਇਹ ਸੁਆਲ ਉੱਠ ਰਿਹਾ ਹੈ ਕਿ ਕੀ ਹੁਣ ਉਹ ਆਪਣੇ ਪਤੀ ਨੂੰ ਸਹਿਯੋਗ ਦੇਣ ਲਈ ਅਧਿਆਪਕਾ ਦੀ ਨੌਕਰੀ ਛੱਡਣਗੇ? ਦਰਅਸਲ, ਉੱਧਰ ਕਮਲਾ ਹੈਰਿਸ ਦੇ ਪਤੀ ਨੇ ਆਪਣੀ ਪਤਨੀ ਨੂੰ ਸਹਿਯੋਗ ਦੇਣ ਲਈ ਆਪਣੀ ਨੌਕਰੀ ਨੂੰ ਅਲਵਿਦਾ ਆਖ ਦਿੱਤਾ ਹੈ।
ਹਾਲ ਦੀ ਘੜੀ 69 ਸਾਲਾ ਜਿਲ ਬਾਇਡੇਨ ਤਾਂ ਇਹੋ ਯੋਜਨਾ ਹੈ ਕਿ ਉਹ ਅਧਿਆਪਕਾ ਦੀ ਭੂਮਿਕਾ ਵੀ ਨਿਭਾਉਂਦੇ ਰਹਿਣਗੇ। ਜੇ ਉਹ ਆਪਣੇ ਫ਼ੈਸਲੇ ’ਤੇ ਕਾਇਮ ਰਹੇ, ਤਾਂ ਇੰਝ ਕਰਨ ਵਾਲੇ ਜਿਲ ਬਾਇਡੇਨ ਅਮਰੀਕਾ ਦੀ ਅਜਿਹੀ ਪਹਿਲੀ ਮਹਿਲਾ ਹੋਣਗੇ, ਜੋ ਵ੍ਹਾਈਟ ਹਾਊਸ ਤੋਂ ਬਾਹਰ ਕੰਮ ਕਰ ਕੇ ਤਨਖਾਹ ਹਾਸਲ ਕਰਨਗੇ।
20 ਜਨਵਰੀ, 2021 ਤੋਂ ਬਾਅਦ ਅਮਰੀਕਾ ਦੀ ‘ਫ਼ਸਟ ਲੇਡੀ’ ਦੀ ਭੂਮਿਕਾ ਨਿਭਾਉਣ ਵਾਲੇ ਜਿਲ ਬਾਇਡੇਨ ਦੇ ਨਾਂ ਇਹ ਰਿਕਾਰਡ ਬਣੇਗਾ ਕਿ ਉਹ 231 ਸਾਲਾਂ ਵਿੱਚ ਪਹਿਲੀ ਵਾਰ ਆਪਣਾ ਪਹਿਲਾ ਕਿੱਤਾ ਜਾਰੀ ਰੱਖ ਕੇ ਇਤਿਹਾਸ ਰਚਣਗੇ। ਇੰਨਾ ਹੀ ਨਹੀਂ ਉਹ ਅਜਿਹੀ ਵੀ ਪਹਿਲੀ ‘ਫ਼ਸਟ ਲੇਡੀ’ ਹੋਣਗੇ, ਜਿਨ੍ਹਾਂ ਨੇ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੈ।