ਕੈਨੇਡਾ ਦੇ ਸਕੂਲਾਂ 'ਚ ਸਿੱਖ ਫੌਜੀਆਂ ਦਾ ਇਤਿਹਾਸ
ਏਬੀਪੀ ਸਾਂਝਾ | 30 Nov 2016 01:44 PM (IST)
ਸਰੀ: ਵਿਸ਼ਵ ਯੁੱਧ ਦੌਰਾਨ ਬਹਾਦਰੀ ਦਿਖਾਉਣ ਵਾਲੇ ਤਕਰੀਬਨ ਪੰਜ ਲੱਖ ਸਿੱਖ ਫੌਜੀਆਂ ਦੇ ਕਾਰਨਾਮਿਆਂ ਦਾ ਇਤਿਹਾਸ ਕੈਨੇਡਾ ਦੇ ਬ੍ਰਿਟਿਸ਼ ਕੌਲੰਬੀਆ ਦੇ ਸਕੂਲਾਂ 'ਚ ਪੜ੍ਹਾਇਆ ਜਾਵੇਗਾ। ਇਸ ਤਹਿਤ ਕੈਨੇਡੀਅਨ ਲੋਕਾਂ ਨੂੰ ਪਤਾ ਲੱਗ ਸਕੇਗਾ ਕਿ ਮਨੁੱਖਤਾ ਨੂੰ ਬਰਬਾਦੀ ਤੋਂ ਬਚਾਉਣ ਲਈ ਹੋਏ ਦੋਵੇਂ ਵਿਸ਼ਵ ਯੁੱਧਾਂ ਦੌਰਾਨ ਸਿੱਖ ਫੌਜੀਆਂ ਨੇ ਕਿੰਨਾ ਯੋਗਦਾਨ ਪਾਇਆ ਸੀ। ਪੜ੍ਹਾਈ ਦਾ ਸਿਲੇਬਸ ਤੇ ਪੜ੍ਹਾਉਣ ਦੇ ਤਰੀਕੇ ਨੌਜਵਾਨ ਪੰਜਾਬੀ ਇਤਿਹਾਸਕਾਰ ਸਟੀਵ ਪੁਰੇਵਾਲ ਨੇ ਤਿਆਰ ਕੀਤੇ ਹਨ। ਇਸ ਕੰਮ ਲਈ BC ਸਰਕਾਰ ਨੇ ਪੁਰੇਵਾਲ ਨੂੰ ਕਰੀਬ ਢਾਈ ਲੱਖ ਡਾਲਰ ਦੀ ਮੁੱਢਲੀ ਸਹਾਇਤਾ ਦਿੱਤੀ ਸੀ। ਇਹ ਐਲਾਨ ਸਰੀ ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ 'ਚ ਕੈਬਨਿਟ ਮੰਤਰੀ ਪੀਟਰ ਫਾਂਸਬੈਂਡਰ ਤੇ ਹੋਰ ਵਿਧਾਇਕਾਂ ਸਮੇਤ ਕੈਨੇਡਾ 'ਚ ਵਸਦੇ ਸਾਬਕਾ ਸਿੱਖ ਫੌਜੀਆਂ ਤੇ ਵਿਦਿਆਰਥੀਆਂ ਦੀ ਮੌਜੂਦਗੀ 'ਚ ਕੀਤਾ ਗਿਆ। ਇਸ ਐਲਾਨ ਦਾ ਸਭ ਨੇ ਤਾੜੀਆਂ ਦੀ ਗੜਗੜਾਹਟ ਨਾਲ ਸਵਾਗਤ ਕੀਤਾ। ਕੈਬਨਿਟ ਮੰਤਰੀ ਪੀਟਰ ਨੇ ਕਿਹਾ ਕਿ ਸਿੱਖਾਂ ਦੀਆਂ ਮਹਾਨ ਕੁਰਬਾਨੀਆਂ ਬਾਰੇ ਹਰ ਦੇਸ਼ਵਾਸੀ ਨੂੰ ਪਤਾ ਹੋਣਾ ਚਾਹੀਦਾ ਹੈ। ਸਮੂਹ ਪੰਜਾਬੀਆਂ ਤੇ ਵਿਦਿਆਰਥੀਆਂ ਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ।