Queen Elizabeth II Funeral  : ਮਹਾਰਾਣੀ ਐਲਿਜ਼ਾਬੈਥ II ਦਾ ਅੱਜ ਸਵੇਰੇ ਲੰਡਨ ਦੇ ਵੈਸਟਮਿੰਸਟਰ ਐਬੇ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ। ਮਹਾਰਾਣੀ ਦੀ ਮੌਤ ਕਾਰਨ ਪੂਰੇ ਬ੍ਰਿਟੇਨ 'ਚ ਸੋਗ ਦਾ ਮਾਹੌਲ ਹੈ। ਯੂਕੇ ਦੇ ਬਹੁਤ ਸਾਰੇ ਪਾਰਕਾਂ ਵਿੱਚ ਰਾਜ ਦੇ ਅੰਤਿਮ ਸਸਕਾਰ ਦੇ ਪ੍ਰਸਾਰਣ ਲਈ ਵੱਡੀਆਂ ਸਕ੍ਰੀਨਾਂ ਸਥਾਪਤ ਕੀਤੀਆਂ ਗਈਆਂ ਹਨ ਤਾਂ ਜੋ ਉੱਥੇ ਦੇ ਲੋਕ ਆਪਣੀ ਮਹਾਰਾਣੀ ਦੀ ਆਖਰੀ ਫੇਰੀ ਨੂੰ ਦੇਖ ਸਕਣ।

ਮਹਾਰਾਣੀ ਐਲਿਜ਼ਾਬੈਥ II ਦੀ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ 8 ਸਤੰਬਰ ਨੂੰ 96 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਮਹਾਰਾਣੀ ਦੀ ਮ੍ਰਿਤਕ ਦੇਹ ਨੂੰ ਵੈਸਟਮਿੰਸਟਰ ਹਾਲ 'ਚ ਰੱਖਿਆ ਗਿਆ ਹੈ ਅਤੇ ਸੋਮਵਾਰ ਸਵੇਰੇ ਉਸ ਦਾ ਅੰਤਿਮ ਸਸਕਾਰ ਵੈਸਟਮਿੰਸਟਰ ਐਬੇ 'ਚ ਕੀਤਾ ਜਾਵੇਗਾ।

ਕਿਵੇਂ ਹੋਵੇਗਾ ਮਹਾਰਾਣੀ ਦਾ ਅੰਤਿਮ ਸਸਕਾਰ ?


ਬ੍ਰਿਟੇਨ ਦਾ ਪਿਛਲੇ 57 ਸਾਲਾਂ 'ਚ ਪਹਿਲਾ ਸਰਕਾਰੀ ਅੰਤਿਮ ਸਸਕਾਰ ਸਖਤ ਪ੍ਰੋਟੋਕੋਲ ਅਤੇ ਸੈਨਿਕ ਪਰੰਪਰਾ ਦੇ ਤਹਿਤ ਹੋਵੇਗਾ, ਜਿਸ ਲਈ ਪਿਛਲੇ ਕਈ ਦਿਨਾਂ ਤੋਂ ਅਭਿਆਸ ਚੱਲ ਰਿਹਾ ਹੈ। ਸੰਸਕ੍ਰਿਤੀ, ਮੀਡੀਆ ਅਤੇ ਖੇਡ ਵਿਭਾਗ (DCMS) ਨੇ ਕਿਹਾ ਕਿ ਸੋਮਵਾਰ ਨੂੰ ਯੂਕੇ ਵਿੱਚ ਜਨਤਕ ਛੁੱਟੀ ਘੋਸ਼ਿਤ ਕੀਤੀ ਗਈ ਹੈ ਅਤੇ  

ਅੰਤਿਮ ਸਸਕਾਰ ਲਈ ਜੁਟਨ ਵਾਲੀ ਭੀੜ ਦੇ ਮੱਦੇਨਜ਼ਰ ਲੰਡਨ ਵਿੱਚ ਕਈ ਜਨਤਕ ਸਥਾਨਾਂ ਨੂੰ ਚਿੰਨ੍ਹਿਤ ਕੀਤਾ ਗਿਆ ਹੈ।


ਵਿਭਾਗ ਨੇ ਕਿਹਾ ਕਿ ਰਾਸ਼ਟਰੀ ਪੱਧਰ 'ਤੇ ਮਰਹੂਮ ਮਹਾਰਾਣੀ ਨੂੰ ਸ਼ਰਧਾਂਜਲੀ ਦੇਣ ਲਈ ਕਮਿਊਨਿਟੀ ਗਰੁੱਪਾਂ, ਕਲੱਬਾਂ, ਹੋਰ ਸੰਸਥਾਵਾਂ ਤੋਂ ਇਲਾਵਾ ਘਰਾਂ ਵਿਚ ਆਮ ਲੋਕਾਂ ਨੂੰ ਐਤਵਾਰ ਰਾਤ 8 ਵਜੇ ਇਕ ਮਿੰਟ ਦਾ ਮੌਨ ਰੱਖਣ ਲਈ ਕਿਹਾ ਜਾ ਗਿਆ ਸੀ।

ਅੰਤਿਮ ਸਸਕਾਰ ਲਈ ਕੀ ਕੀਤੀਆਂ ਗਈਆਂ ਤਿਆਰੀਆਂ ?


DCMS ਨੇ ਕਿਹਾ ਕਿ ਲੰਡਨ ਦੇ ਹਾਈਡ ਪਾਰਕ, ​​ਸ਼ੈਫੀਲਡ ਦੇ ਕੈਥੇਡ੍ਰਲ ਸਕੁਏਅਰ, ਬਰਮਿੰਘਮ ਦੇ ਸ਼ਤਾਬਦੀ ਸਕੁਏਅਰ, ਕਾਰਲਿਸਲ ਦੇ ਬਾਈਟਸ ਪਾਰਕ, ​​ਐਡਿਨਬਰਗ ਦੇ ਹੋਲੀਰੂਡ ਪਾਰਕ ਅਤੇ ਉੱਤਰੀ ਆਇਰਲੈਂਡ ਵਿੱਚ ਕੋਲਰੇਨ ਟਾਊਨ ਹਾਲ ਸਮੇਤ ਦੇਸ਼ ਭਰ ਵਿੱਚ ਵੱਡੀਆਂ ਸਕ੍ਰੀਨਾਂ ਲਗਾਈਆਂ ਜਾਣਗੀਆਂ। ਇਸ ਵਿਚ ਕਿਹਾ ਗਿਆ ਹੈ ਕਿ ਪੂਰੇ ਯੂਕੇ ਦੇ ਸਿਨੇਮਾਘਰ ਵੀ ਅੰਤਿਮ ਸਸਕਾਰ ਦੇ ਪ੍ਰੋਗਰਾਮ ਨੂੰ ਦਿਖਾਉਣ ਲਈ ਆਪਣੀਆਂ ਤਿਆਰੀਆਂ ਕਰ ਰਹੇ ਹਨ।

ਮਹਾਰਾਣੀ ਦੇ ਸਰਕਾਰੀ ਅੰਤਿਮ ਸਸਕਾਰ ਤੋਂ ਪਹਿਲਾਂ ਸਵੇਰੇ 6:30 ਵਜੇ ਵੈਸਟਮਿੰਸਟਰ ਹਾਲ ਨੂੰ ਸ਼ਰਧਾਂਜਲੀ ਦੇਣ ਲਈ ਆ ਰਹੀ ਜਨਤਾ ਦੇ ਲਈ ਬੰਦ ਕਰ ਦਿੱਤਾ ਜਾਵੇਗਾ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮਹਾਰਾਣੀ ਐਲਿਜ਼ਾਬੈਥ-2 ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਸ਼ਨੀਵਾਰ ਸ਼ਾਮ ਤਿੰਨ ਦਿਨਾਂ ਦੌਰੇ 'ਤੇ ਲੰਡਨ ਪਹੁੰਚੀ।


ਦੁਨੀਆ ਭਰ ਦੇ 500 ਨੇਤਾ ਹੋਣਗੇ ਸ਼ਾਮਲ 


ਦੁਨੀਆ ਭਰ ਦੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਸਮੇਤ ਲਗਭਗ 500 ਵਿਸ਼ਵ ਨੇਤਾ ਮਹਾਰਾਣੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣਗੇ। ਸ਼ਾਹੀ ਤਾਬੂਤ ਨੂੰ ਅੰਤਿਮ ਯਾਤਰਾ ਵਿੱਚ ਸਟਮਿੰਸਟਰ ਪੈਲੇਸ ਦੇ ਵੈਸਟਮਿੰਸਟਰ ਹਾਲ ਤੋਂ ਵੈਸਟਮਿੰਸਟਰ ਐਬੇ ਤੱਕ ਲਿਜਾਇਆ ਜਾਵੇਗਾ ,ਜਿੱਥੇ ਅੰਤਿਮ ਸਸਕਾਰ ਸਵੇਰੇ 11 ਵਜੇ ਸ਼ੁਰੂ ਹੋਵੇਗਾ ਅਤੇ ਲਗਭਗ ਇੱਕ ਘੰਟੇ ਬਾਅਦ ਦੋ ਮਿੰਟ ਦੇ ਰਾਸ਼ਟਰੀ ਮੌਨ ਨਾਲ ਸਮਾਪਤ ਹੋਵੇਗਾ।