ਮਹਿਤਾਬ-ਉਦ-ਦੀਨ



ਚੰਡੀਗੜ੍ਹ: ਕੈਨੇਡਾ ਦੀ ‘ਨਿਊ ਡੈਮੋਕ੍ਰੈਟਿਕ ਪਾਰਟੀ’ ਦੇ ਪ੍ਰਧਾਨ ਜਗਮੀਤ ਸਿੰਘ ਵਿਰੁੱਧ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ‘ਨਸਲੀ ਤੇ ਪੱਖਪਾਤੀ ਟਿੱਪਣੀਆਂ’ ਕੀਤੇ ਜਾਣ ਦੀ ਜਾਂਚ ਸ਼ੁਰੂ ਹੋ ਗਈ ਹੈ। ਇਹ ਜਾਂਚ ਪੀਲ ਜ਼ਿਲ੍ਹਾ ਸਕੂਲ ਬੋਰਡ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਵੀਰਵਾਰ ਨੂੰ ਉਸੇ ਦੇ ਇੱਕ ਆਨਲਾਈਨ ਸਮਾਰੋਹ ਦੌਰਾਨ ਜਗਮੀਤ ਸਿੰਘ ਹੁਰਾਂ ਵਿਰੁੱਧ ਨਫ਼ਰਤ ਨਾਲ ਭਰੀਆਂ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਸਨ। ਇਹ ਜਾਣਕਾਰੀ ਸਕੂਲ ਬੋਰਡ ਦੇ ਡਾਇਰੈਕਟਰ ਕੌਲੀਨ ਰੱਸੇਲ ਰਾਅਲਿਨਜ਼ ਨੇ ਦਿੱਤੀ।

 





ਐੱਨਡੀਪੀ ਆਗੂ ਜਗਮੀਤ ਸਿੰਘ ਨੇ ਉਸ ਸਮਾਰੋਹ ’ਚ ਕੈਨੇਡਾ ਦੇ ‘ਸਿੱਖ ਵਿਰਾਸਤੀ ਮਹੀਨੇ’ ਬਾਰੇ ਗੱਲ ਕੀਤੀ ਸੀ। ਪਰ ਕਈ ਸ਼ਰਾਰਤੀ ਅਨਸਰਾਂ ਨੇ ਉਸ ਸਮਾਰੋਹ ਦੌਰਾਨ ਸਿੱਖਾਂ, ਦੱਖਣੀ ਏਸ਼ੀਅਨਾਂ, ਕਾਲੇ ਮੂਲ ਦੇ ਲੋਕਾਂ ਤੇ ਸਮਲਿੰਗੀ ਲੋਕਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਖ਼ੂਬ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ।

 

ਪੀਲ ਜ਼ਿਲ੍ਹਾ ਸਕੂਲ ਬੋਰਡ ਨੇ ਕਿਹਾ ਕਿ ਅਜਿਹੀਆਂ ਨਸਲੀ ਤੇ ਨਫ਼ਰਤ ਭਰਪੂਰ ਟਿੱਪਣੀਆਂ ਨਾਲ ਵਿਦਿਆਰਥੀਆਂ, ਸਟਾਫ਼ ਤੇ ਵਿਸ਼ੇਸ਼ ਮਹਿਮਾਨਾਂ ਦਾ ਡਾਢਾ ਨੁਕਸਾਨ ਹੁੰਦਾ ਹੈ। ਬੋਰਡ ਹੁਣ ਇਨ੍ਹਾਂ ਇਤਰਾਜ਼ਯੋਗ ਆਨਲਾਈਨ ਟਿੱਪਣੀਆਂ ਦੇ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।

 

ਇਹ ਸਮਾਰੋਹ ਪੀਲ ਖੇਤਰ ਦੇ ਵਿਦਿਆਰਥੀਆਂ ਨੂੰ ‘ਸਿੱਖ ਵਿਰਾਸਤੀ ਮਹੀਨੇ’ ਦੀ ਅਹਿਮੀਅਤ ਦਰਸਾਉਣ ਲਈ ਰੱਖਿਆ ਗਿਆ ਸੀ। ਜਿਵੇਂ-ਜਿਵੇਂ ਜਗਮੀਤ ਸਿੰਘ ਹੁਰਾਂ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਆਉਂਦੀਆਂ ਗਈਆਂ, ਤਿਵੇਂ-ਤਿਵੇਂ ਸਕੂਲ ਬੋਰਡ ਉਨ੍ਹਾਂ ਵਿਅਕਤੀਆਂ ਦੇ ਖਾਤੇ ਨੂੰ ਬਲਾਕ ਕਰਦਾ ਚਲਾ ਗਿਆ।

 

ਸੀਬੀਸੀ ਅਨੁਸਾਰ ਹੁਣ ਅਜਿਹੇ ਸ਼ਰਾਰਤੀ ਅਨਸਰਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਆੱਨਲਾਈਨ ਨਸਲੀ ਤੇ ਨਫ਼ਰਤੀ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਸਭ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਗਮੀਤ ਸਿੰਘ ਹੁਰਾਂ ਨੇ ਬੀਤੇ ਦਿਨੀਂ ਟਵਿਟਰ ਤੇ ਸੋਸ਼ਲ ਮੀਡੀਆ ਦੇ ਹੋਰ ਚੈਨਲਾਂ ਉੱਤੇ ਆਪਣੀ ਇੱਕ ਵਿਡੀਓ ‘ਸਿੱਖ ਵਿਰਾਸਤੀ ਮਹੀਨੇ’ ਬਾਰੇ ਅਪਲੋਡ ਕੀਤੀ ਸੀ।

 

ਦੱਸ ਦੇਈਏ ਕਿ ਕੈਨੇਡਾ ’ਚ ਅਪ੍ਰੈਲ ਨੂੰ ‘ਸਿੱਖ ਵਿਰਾਸਤੀ ਮਹੀਨੇ’ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਇਸੇ ਮਹੀਨੇ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਦਰਅਸਲ, ਸਿੱਖ ਧਰਮ ਦੇ 10ਵੇਂ ਗੁਰੂ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ