ਰਾਹੁਲ ਨੇ ਅਮਰੀਕਾ 'ਚ ਫਿਰ ਖੋਲ੍ਹੀ ਮੋਦੀ ਦੀ ਪੋਲ
ਏਬੀਪੀ ਸਾਂਝਾ | 20 Sep 2017 03:54 PM (IST)
ਨਿਊਯਾਰਕ: ਅਮਰੀਕਾ ਦੇ ਨਿਊਜਰਸੀ ਦੀ ਪ੍ਰਿੰਸਟਨ ਯੂਨੀਵਰਸਿਟੀ 'ਚ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਵਾਈਸ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ 'ਚ ਧਰੁਵੀਕਰਨ ਦੀ ਰਾਜਨੀਤੀ ਹੋ ਰਹੀ ਹੈ, ਜੋ ਇਸ ਵਕਤ ਦੀ ਸਭ ਤੋਂ ਵੱਡੀ ਪ੍ਰੇਸ਼ਾਨੀ ਹੈ। ਰਾਹੁਲ ਗਾਂਧੀ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਇਸ ਵਕਤ ਭਾਰਤ 'ਚ ਧਰੁਵੀਕਰਨ ਦੀ ਰਾਜਨੀਤੀ ਸਭ ਤੋਂ ਵੱਡੀ ਪ੍ਰੇਸ਼ਾਨੀ ਹੈ। ਜਦੋਂ ਤੁਸੀਂ ਇੱਕ ਭਾਈਚਾਰੇ ਨੂੰ ਦੂਜੇ ਖਿਲਾਫ ਖੜ੍ਹਾ ਕਰ ਦਿੰਦੇ ਹੋ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੱਡੀ ਅਬਾਦੀ 'ਚ ਆਦਿਵਾਸੀ ਅੱਜ ਦੇ ਰਾਜਨੀਤਕ ਨਜ਼ਰੀਏ ਤੋਂ ਸਹਿਮਤ ਨਹੀਂ ਹਨ।" ਕਈ ਸੂਬੇ ਇਸ ਏਜੰਡੇ ਖਿਲਾਫ: ਰਾਹੁਲ ਨੇ ਅੱਗੇ ਕਿਹਾ, "ਕਈ ਸੂਬੇ ਵੀ ਇਸ ਤਰ੍ਹਾਂ ਦੇ ਏਜੰਡੇ ਦੇ ਖਿਲਾਫ ਹਨ। ਘੱਟ ਗਿਣਤੀ ਵੀ ਖੁਦ ਨੂੰ ਇਸ ਮਾਹੌਲ 'ਚ ਅਲੱਗ ਵੇਖਦੇ ਹਨ, ਜੋ ਬਹੁਤ ਖਤਰਨਾਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੀ ਮੌਜੂਦਾ ਸਰਕਾਰ ਸਿੱਖਿਆ ਤੇ ਸਿਹਤ ਦੇ ਖੇਤਰ 'ਚ ਵੀ ਲੋੜੀਂਦਾ ਬਜਟ ਨਹੀਂ ਦੇ ਰਹੀ ਹੈ। ਭਾਰਤ-ਚੀਨ ਫੈਸਲਾ ਕਰਨਗੇ ਕਿ ਦੁਨੀਆ ਕਿਸ ਤਰ੍ਹਾਂ ਨਵਾਂ ਰੂਪ ਲਵੇਗੀ: ਇਸੇ ਪ੍ਰੋਗਰਾਮ 'ਚ ਰਾਹੁਲ ਨੇ ਕਿਹਾ ਕਿ ਭਾਰਤ ਤੇ ਚੀਨ ਦੇ ਰਿਸ਼ਤਿਆਂ 'ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ, "ਭਾਰਤ ਤੇ ਚੀਨ ਦੇ ਪ੍ਰਦਰਸ਼ਨ ਤੋਂ ਇਹ ਤੈਅ ਹੋਵੇਗਾ ਕਿ ਦੁਨੀਆ ਕਿਸ ਤਰ੍ਹਾਂ ਨਵਾਂ ਰੂਪ ਲਵੇਗੀ। ਰਾਹੁਲ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਵਿੱਚ ਚੰਗਾ ਤਾਲਮੇਲ ਹੈ।" ਰਾਹੁਲ ਗਾਂਧੀ ਨੇ ਅੱਗੇ ਕਿਹਾ, "ਵੱਡੀ ਗਿਣਤੀ 'ਚ ਦੋ ਤਰ੍ਹਾਂ ਦੇ ਪ੍ਰਵਾਸ ਹੋ ਰਹੇ ਹਨ। ਪਹਿਲਾ ਪੂਰੀ ਤਰ੍ਹਾਂ ਆਜ਼ਾਦ ਤੇ ਦੂਜਾ ਪੂਰੀ ਤਰ੍ਹਾਂ ਕੰਟਰੋਲ ਵਿੱਚ। ਪ੍ਰਸ਼ਾਸਨ ਦਾ ਤਾਣਾ-ਬਾਣਾ ਇਸ ਨਾਲ ਅਲੱਗ-ਅਲੱਗ ਤਰੀਕੇ ਨਾਲ ਨਜਿੱਠਦਾ ਹੈ। ਭਾਰਤ ਤੇ ਚੀਨ ਦੋ ਵੱਡੇ ਮੁਲਕ ਹਨ ਜਿਹੜੇ ਖੇਤੀ ਕਰਨ ਵਾਲੇ ਮੁਲਕਾਂ ਤੋਂ ਅਪਡੇਟ ਸ਼ਹਿਰੀ ਮਾਡਲ ਬਣ ਰਹੇ ਹਨ ਤੇ ਇਹ ਦੁਨੀਆ ਦੀ ਅਬਾਦੀ ਦਾ ਵੱਡਾ ਹਿੱਸਾ ਹੈ।" ਰਾਹੁਲ ਨੇ ਕਿਹਾ, "ਕਿਵੇਂ ਇਹ ਦੋਵੇਂ ਮੁਲਕ ਦੁਨੀਆ ਨੂੰ ਨਵਾਂ ਅਕਾਰ ਦੇਣ ਜਾ ਰਹੇ ਹਨ। ਮੈਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਚੀਨ ਜਮਹੂਰੀ ਹੈ ਜਾਂ ਨਹੀਂ। ਉਨ੍ਹਾਂ ਨੇ ਆਪਣਾ ਰਸਤਾ ਚੁਣਿਆ ਹੈ ਤੇ ਅਸੀਂ ਆਪਣਾ ਰਸਤਾ ਚੁਣਿਆ ਹੈ।" ਗਾਂਧੀ ਨੇ ਕਿਹਾ, "ਦੁਨੀਆ ਦੇ ਦੋ ਸਭ ਤੋਂ ਵੱਡੀ ਆਬਾਦੀ ਵਾਲੇ ਮੁਲਕਾਂ ਦੇ ਵਿਚ ਮਿਲਣਸਾਰਤਾ ਤੇ ਕੰਪੀਟੀਸ਼ਨ ਹੈ। ਅਸੀਂ ਇਹ ਵੇਖਣਾ ਹੈ ਕਿ ਕਿਵੇਂ ਰੁਜ਼ਗਾਰ ਵਧਾਈਏ। ਹਕੀਕਤ 'ਚ ਅਸੀਂ ਚੀਨ ਨਾਲ ਮੁਕਾਬਲਾ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਚੰਗਾ ਪ੍ਰਦਰਸ਼ਨ ਨਹੀਂ ਕਰ ਰਿਹਾ ਹੈ।"