ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦੋ ਦਿਨਾਂ ਦੌਰੇ ਲਈ ਦੁਬਈ ਪਹੁੰਚੇ ਹਨ। ਹਵਾਈ ਅੱਡੇ ’ਤੇ ਪੁੱਜੀ ਭੀੜ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਭੀੜ ਨੇ ਉਨ੍ਹਾਂ ਦੇ ਸਵਾਗਤ ਵਿੱਚ ‘ਰਾਹੁਲ-ਰਾਹੁਲ’ ਦੇ ਨਾਅਰੇ ਵੀ ਲਾਏ।

ਰਾਹੁਲ ਗਾਂਧੀ ਦੋ ਰੋਜ਼ਾ ਯੂਏਈ ਦੌਰੇ ਦੌਰਾਨ ਭਾਰਤੀ ਪ੍ਰਵਾਸੀ ਤਬਕੇ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ। ਇਸ ਦੇ ਇਲਾਵਾ ਉਹ ਦੁਬਈ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਵੀ ਸ਼ਿਰਕਤ ਕਰਨਗੇ ਜਿੱਥੇ ਹਜ਼ਾਰਾਂ ਦੀ ਗਿਣਤੀ ਲੋਕ ਸ਼ਾਮਲ ਹੋਣਗੇ। ਪਾਰਟੀ ਦੇ ਇੱਕ ਸੂਤਰ ਨੇ ਦੱਸਿਆ ਕਿ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਦੇ ਜਸ਼ਨ ਵਜੋਂ ਦੁਬਈ ਕ੍ਰਿਕਟ ਸਟੇਡੀਅਮ ਵਿੱਚ 11 ਜਨਵਰੀ ਨੂੰ ਵੱਡਾ ਸੰਸਕ੍ਰਿਤਿਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਹੈ।



ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਅਮਰੀਕਾ, ਲੰਦਨ, ਜਰਮਨੀ, ਸਿੰਗਾਪੁਰ ਤੇ ਬਹਿਰੀਨ ਵਿੱਚ ਜਨਤਕ ਸੰਵਾਦ ਵਾਲੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਚੁੱਕੇ ਹਨ। ਰਾਹੁਲ ਗਾਂਧੀ ਦਾ ਯੂਏਈ ਦੇ ਮੰਤਰੀਆਂ ਤੇ ਅਧਿਕਾਰੀਆਂ, ਭਾਰਤੀ ਪ੍ਰਵਾਸੀ ਕਾਮਿਆਂ, 'ਇੰਡੀਅਨ ਬਿਜ਼ਨੈਸ ਪ੍ਰੋਫੈਸ਼ਨਲ ਕੌਂਸਲ' (ਆਈਬੀਪੀਸੀ) ਦੇ ਮੈਂਬਰਾਂ ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਿਲਣ ਦਾ ਵੀ ਪ੍ਰੋਗਰਾਮ ਹੈ। ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਅਬੂ ਧਾਬੀ ਦੀ ਮਕਬੂਲ ਸ਼ੇਖ ਜਾਇਦ ਮਸਜਿਦ ਦਾ ਵੀ ਦੌਰਾ ਕਰ ਸਕਦੇ ਹਨ।