ਸਿੱਖ ਲੀਡਰ ਨੇ ਗੱਡੇ ਅਮਰੀਕਾ 'ਚ ਝੰਡੇ
ਏਬੀਪੀ ਸਾਂਝਾ | 08 Nov 2017 01:36 PM (IST)
ਨਿਊਯਾਰਕ: ਰਵਿੰਦਰ ਭੱਲਾ ਨਿਊਜਰਸੀ ਦੇ ਹੋਬੋਕਨ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣ ਗਏ ਹਨ। ਉਨ੍ਹਾਂ ਨੇ ਸਖਤ ਟੱਕਰ ਮਿਲਣ ਤੋਂ ਬਾਅਦ ਵੀ ਜਿੱਤ ਦਰਜ ਕੀਤੀ ਹੈ। ਇਸ ਦੌਰਾਨ ਉਨ੍ਹਾਂ 'ਤੇ ਗਲਤ ਟਿੱਪਣੀਆਂ ਵੀ ਕੀਤੀਆਂ ਗਈਆਂ ਸਨ। ਭੱਲਾ ਨੂੰ ਮੌਜੂਦ ਮੇਅਰ ਡਾਨ ਜ਼ਿਮਰ ਨੇ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਜੂਨ ਵਿੱਚ ਮੁੜ ਹੋਣ ਵਾਲੀਆਂ ਚੋਣਾਂ 'ਚ ਜ਼ਿਮਰ ਹਿੱਸਾ ਨਹੀਂ ਲੈਣਗੇ। ਭੱਲਾ ਨੇ ਸੱਤ ਸਾਲ ਤੋਂ ਵੀ ਵੱਧ ਸਮਾਂ ਸ਼ਹਿਰ ਦੀ ਕੌਂਸਲ 'ਤੇ ਕੰਮ ਕੀਤਾ ਹੈ। ਆਪਣੇ ਚੰਗੇ ਕੰਮ ਬਦਲੇ ਹੀ ਉਨ੍ਹਾਂ ਚੋਣਾਂ 'ਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਨਤੀਜੇ ਐਲਾਨੇ ਜਾਣ ਵੇਲੇ ਉਨ੍ਹਾਂ ਦੇ ਪਰਿਵਾਰ ਨਾਲ ਸ਼ਹਿਰ ਦੇ ਹੋਰ ਲੋਕ ਵੀ ਮੌਜੂਦ ਸਨ। ਭੱਲਾ ਨੇ ਟਵਿਟਰ 'ਤੇ ਕਿਹਾ, "ਤੁਹਾਡਾ ਧੰਨਵਾਦ। ਮੈਂ ਤੁਹਾਡਾ ਮੇਅਰ ਬਣਨ ਦੀ ਉਮੀਦ ਕਰਦਾ ਹਾਂ।" ਉਨ੍ਹਾਂ ਨੇ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਸਮਰਥਕਾਂ ਨੂੰ ਕਿਹਾ, "ਮੇਰੇ ਵਿੱਚ ਵਿਸ਼ਵਾਸ਼ ਕਰਨ ਲਈ, ਸਾਡੇ ਭਾਈਚਾਰੇ ਵਿੱਚ ਵਿਸ਼ਵਾਸ਼ ਰੱਖਣ, ਸਾਡੇ ਦੇਸ਼ ਵਿੱਚ ਵਿਸ਼ਵਾਸ਼ ਕਰਨ ਲਈ ਤੁਹਾਡਾ ਧੰਨਵਾਦ।" ਚੋਣ ਪ੍ਰਚਾਰ ਦੌਰਾਨ ਪਿਛਲੇ ਹਫਤੇ ਭੱਲਾ ਦੀ ਕਾਰ 'ਤੇ ਅੱਤਵਾਦੀ ਹੋਣ ਦਾ ਲੇਬਰ ਲਾ ਦਿੱਤਾ ਗਿਆ ਸੀ। ਇੱਕ ਪੋਸਟਰ 'ਤੇ ਲਿਖਿਆ ਗਿਆ ਸੀ ਕਿ ਅੱਤਵਾਦ ਸਾਡੇ ਟਾਊਨ 'ਚ ਨਾ ਲਿਆਓ।