ਵਾਸ਼ਿੰਗਟਨ: ਭਾਰਤ ਸਰਕਾਰ ਨੇ ਪਹਿਲੀ ਵਾਰ ਖੁੱਲ੍ਹ ਕੇ ‘ਰੈਫਰੈਂਡਮ 2020’ ਦਾ ਵਿਰੋਧ ਕੀਤਾ ਹੈ। ਭਾਰਤ ਵੱਲੋਂ ਵਿਦੇਸ਼ਾਂ ਵਿੱਚ ਸਰਗਰਮ ਖਾਲਿਸਤਾਨੀਆਂ ਨੂੰ ਸਖਤ ਸੁਨੇਹਾ ਦਿੰਦਿਆਂ ‘ਰੈਫਰੈਂਡਮ 2020’ ਨੂੰ ਫਰਜ਼ੀ ਮੁੱਦਾ ਕਰਾਰ ਦਿੱਤਾ ਹੈ। ਭਾਰਤ ਨੇ ਕਿਹਾ ਹੈ ਕਿ ਖਾਲਿਸਤਾਨ ਪੱਖੀ ਕੁਝ ਸਿੱਖਾਂ ਵੱਲੋਂ ਹੀ ਇਸ ਨੂੰ ਉਭਾਰਿਆ ਜਾ ਰਿਹਾ ਹੈ। ਇਹ ਅਨਸਰ ਪਾਕਿਸਤਾਨ ਦੇ ਏਜੰਟ ਹਨ, ਜੋ ਝੂਠੀਆਂ ਅਫ਼ਵਾਹਾਂ ਫੈਲਾ ਰਹੇ ਹਨ।


ਭਾਰਤ ਦੇ ਅਮਰੀਕਾ ’ਚ ਸਫ਼ੀਰ ਹਰਸ਼ ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਸਿੱਖਾਂ ਤੋਂ ਅਜਿਹੇ ਅਨਸਰਾਂ ਨੂੰ ‘ਮਾਮੂਲੀ ਹਮਾਇਤ’ ਮਿਲੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹੇ ਗੁੱਟ ਨਿਰਾਸ਼ ਹੋ ਕੇ ਅਤਿਵਾਦੀ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਸੀਨੀਅਰ ਭਾਰਤੀ ਸਫ਼ੀਰ ਨੇ ‘ਰੈਫਰੈਂਡਮ 2020’ ਖ਼ਿਲਾਫ਼ ਖੁੱਲ੍ਹ ਕੇ ਬਿਆਨ ਦਿੱਤਾ ਹੈ। ਖਾਲਿਸਤਾਨ ਬਣਾਉਣ ਨੂੰ ਲੈ ਕੇ ਵੱਖਵਾਦੀ ਸਿੱਖਾਂ ਵੱਲੋਂ ‘ਰੈਫਰੈਂਡਮ 2020’ ਨੂੰ ਹਮਾਇਤ ਦਿੱਤੀ ਜਾ ਰਹੀ ਹੈ।

ਬਾਲਟੀਮੋਰ ਦੇ ਗੁਰਦੁਆਰੇ ’ਚ ਮੱਥਾ ਟੇਕਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਰਾਏਸ਼ੁਮਾਰੀ ਦੇ ਪ੍ਰਬੰਧਕ ਕੁਝ ਲੋਕ ਹਨ। ਕਥਿਤ ਰਾਏਸ਼ੁਮਾਰੀ 2020 ਫਰਜ਼ੀ ਮੁੱਦਾ ਹੈ। ਮੈਨੂੰ ਜਾਪਦਾ ਹੈ ਕਿ ਇਹ ਬੀਤੇ ਦੀ ਗੱਲ ਹੋ ਜਾਵੇਗੀ।’’ ਉਨ੍ਹਾਂ ਅਮਰੀਕਾ ਤੇ ਭਾਰਤ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਚ ਸਿੱਖਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖ ਬਹੁ-ਗਿਣਤੀ ਨਾਲ ਉਹ ਕੰਮ ਕਰਨਾ ਜਾਰੀ ਰਖਣਗੇ ਤੇ ਨਫ਼ਰਤ ਪੈਦਾ ਕਰਨ ਵਾਲੇ ਭਾਈਚਾਰੇ ਨੂੰ ਨਜ਼ਰਅੰਦਾਜ਼ ਕਰਨਗੇ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਿੱਖ ਭਾਈਚਾਰੇ ਦੀਆਂ ਮੁਸ਼ਕਲਾਂ ਦਾ ਹੱਲ ਕੱਢਣ ਲਈ ਕਈ ਕਦਮ ਉਠਾਏ ਹਨ ਤੇ ਹੁਣ ਕੋਈ ਵੀ ਮੁੱਦਾ ਬਾਕੀ ਨਹੀਂ ਰਿਹਾ ਹੈ। ਉਂਜ ਜੇਕਰ ਕੋਈ ਮਸਲਾ ਹੈ ਤਾਂ ਸਰਕਾਰ ਉਨ੍ਹਾਂ ਨਾਲ ਮਿਲ ਕੇ ਉਸ ’ਤੇ ਕੰਮ ਕਰਨ ਲਈ ਤਿਆਰ ਹੈ।