ਨਵੀਂ ਦਿੱਲੀ: ਰੂਸ ਸਰਕਾਰ ਨੇ ਸਪੁਤਨਿਕ-V ਵੈਕਸੀਨ ਦੇ ਨਿਰਮਾਣ ਲਈ ਭਾਰਤ ਦੀ ਮਦਦ ਮੰਗੀ ਹੈ। ਇਸ ਦੇ ਨਾਲ ਹੀ ਰੂਸ ਨੇ ਤੀਜੇ ਗੇੜ ਦੇ ਪਰੀਖਣ 'ਚ ਵੀ ਭਾਰਤ ਤੋਂ ਮਦਦ ਦੀ ਅਪੀਲ ਕੀਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਰੂਸ ਨੇ ਕੋਰੋਨਾ ਵੈਕਸੀਨ ਸਪੁਤਨਿਕ-V ਦਾ ਪਹਿਲਾ ਬੈਚ ਆਪਣੇ ਨਾਗਰਿਕਾਂ ਲਈ ਜਾਰੀ ਕਰ ਦਿੱਤਾ ਹੈ।
ਰੂਸ ਦੀ ਇਸ ਵੈਕਸੀਨ ਨੂੰ ਗੈਮਲੇਯਾ ਨੈਸ਼ਨਲ ਰਿਸਰਚ ਸੈਂਟਰ ਆਫ ਐਪਿਡੈਮਿਓਲੌਜੀ ਐਂਡ ਮਾਇਕ੍ਰੋਬੌਲੋਜੀ ਤੇ ਰੂਸੀ ਡਾਇਰੈਕਟ ਇਨਵੈਸਟਮੈਂਟ ਫੰਡ ਵੱਲੋਂ ਵਿਕਸਿਤ ਕੀਤਾ ਗਿਆ ਹੈ। ਜਿਸ ਨੂੰ 11 ਅਗਸਤ ਨੂੰ ਲੌਂਚ ਕੀਤਾ ਗਿਆ ਸੀ।
ਨੀਤੀ ਆਯੋਗ ਦੇ ਮੈਂਬਰ ਡਾ. ਵੀਕੇ ਪੌਲ ਨੇ ਦੱਸਿਆ ਕਿ ਰੂਸ ਦੀ ਵੈਕਸੀਨ 'ਤੇ ਸਰਕਾਰ ਦੀਆਂ ਨਜ਼ਰਾਂ ਹਨ। ਉਨ੍ਹਾਂ ਕਿਹਾ ਰੂਸ ਵੱਲੋਂ ਬਣਾਈ ਵੈਕਸੀਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਰੂਸੀ ਸਰਕਾਰ ਨੇ ਸਰਕਾਰ ਨਾਲ ਸੰਪਰਕ ਕਰਦਿਆਂ ਦੋ ਚੀਜ਼ਾਂ ਦੀ ਮਦਦ ਮੰਗੀ ਹੈ। ਪਹਿਲਾ ਦੇਸ਼ ਦੀਆਂ ਨੈਟਵਰਕ ਕੰਪਨੀਆਂ ਦੀ ਮਦਦ ਨਾਲ ਵੈਕਸੀਨ ਦਾ ਵੱਡੇ ਪੱਧਰ 'ਤੇ ਨਿਰਮਾਣ ਕਰਨਾ। ਦੂਜਾ ਭਾਰਤ 'ਚ ਵੈਕਸੀਨ ਦੇ ਫੇਜ਼-3 ਦਾ ਟ੍ਰਾਇਲ। ਡਾ.ਪੌਲ ਨੇ ਕਿਹਾ 'ਭਾਰਤ ਸਰਕਾਰ ਆਪਣੇ ਖਾਸ ਦੋਸਤ ਨਾਲ ਸਾਂਝੇਦਾਰੀ ਦੇ ਇਸ ਪ੍ਰਸਤਾਵ ਨੂੰ ਬਹੁਤ ਮਹੱਤਵ ਦਿੰਦੀ ਹੈ।'
ਭਾਰਤ ਲਈ ਇਸ ਨੂੰ ਜਿੱਤ ਦੀ ਸਥਿਤੀ ਕਰਾਰ ਦਿੰਦਿਆਂ ਪੌਲ ਨੇ ਕਿਹਾ 'ਭਾਰਤ ਉਸ ਵੈਕਸੀਨ ਦਾ ਨਿਰਮਾਣ ਵੱਡੀ ਤੇ ਮਹੱਤਵਪੂਰਨ ਮਾਤਰਾ 'ਚ ਕਰ ਸਕਦਾ ਹੈ। ਜੋ ਰੂਸ ਤੇ ਭਾਰਤ ਲਈ ਚੰਗਾ ਹੈ ਅਤੇ ਉਸ ਮਾਤਰਾ ਦਾ ਕੁਝ ਹਿੱਸਾ ਦੁਨੀਆਂ ਨੂੰ ਵੀ ਦਿੱਤਾ ਜਾ ਸਕਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ