ਨਵੀਂ ਦਿੱਲੀ: ਰੂਸ (Russia) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ Sputnik V ਕੋਰੋਨਾ (COVID-19) ਵੈਕਸੀਨ ਆਪਣੇ ਅੰਤਰਿਮ ਟ੍ਰਾਇਲ ਨਤੀਜਿਆਂ ਅਨੁਸਾਰ 92 ਫੀਸਦ ਪ੍ਰਭਾਵੀ ਹੈ। ਦੱਸ ਦੇਈਏ ਕਿ ਮੰਗਲਵਾਰ ਨੂੰ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਟਿਨ ਨੇ ਕਿਹਾ ਸੀ ਕਿ ਕੋਵਿਡ-19 ਖਿਲਾਫ ਰੂਸ ਦੇ ਦੋ ਟੀਕੇ ਪ੍ਰਭਾਵੀ ਤੇ ਸੁਰੱਖਿਅਤ ਹਨ ਤੇ ਤੀਜਾ ਵੀ ਜਲਦ ਆਉਣ ਵਾਲਾ ਹੈ।

ਡਿਜੀਟਲ ਰੂਪ ਵਿੱਚ ਅਯੋਜਿਤ ਸਿੰਘਾਈ ਸਹਿਯੋਗ ਸੰਗਠਨ (SEO) ਸਮੇਲਨ ਨੂੰ ਸੰਬੋਧਿਤ ਕਰਦੇ ਹੋਏ ਪੁਤਿਨ ਨੇ ਕਿਹਾ, "ਰੂਸ ਕੋਲ ਦੋ ਰਜਿਸਟਰਡ ਟੀਕੇ ਹਨ ਤੇ ਇਨ੍ਹਾਂ ਦੇ ਟੈਸਟ ਮੁੰਕਮਲ ਹੋ ਚੁੱਕੇ ਹਨ ਤੇ ਟੀਕੇ ਸੁਰੱਖਿਅਤ ਹਨ ਤੇ ਇਨ੍ਹਾਂ ਦਾ ਕੋਈ ਨੁਕਸਾਨ ਵੀ ਨਹੀਂ ਹੈ। ਤੀਜਾ ਟੀਕਾ ਵੀ ਆਉਣ ਵਾਲਾ ਹੈ।"

ਹਾਲਾ ਹੀ ਵਿੱਚ ਅਮਰੀਕੀ ਕੰਪਨੀ ਫਾਈਜ਼ਰ ਨੇ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਕੋਰੋਨਾ ਵੈਕਸੀਨ ਟੀਕਾ 90 ਫੀਸਦ ਪ੍ਰਭਾਵੀ ਹੈ ਤੇ ਕਾਰਗਰ ਸਾਬਤ ਹੋਇਆ ਹੈ। ਭਾਰਤੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਕੋਵਿਡ ਮਾਹਰ ਸਮੂਹ ਦੇ ਸਾਰੇ ਘਰੇਲੂ ਅਤੇ ਵਿਦੇਸ਼ੀ ਟੀਕਾ ਨਿਰਮਾਤਾਵਾਂ ਨਾਲ ਕੋਵਿਡ-19 ਲਈ ਟੀਕਾ ਮੁਹੱਈਆ ਕਰਵਾਉਣ ਲਈ ਗੱਲਬਾਤ ਚੱਲ ਰਹੀ ਹੈ।