ਕੀਵ : ਰੂਸ ਦੇ ਹਮਲੇ ਦਰਮਿਆਨ ਯੂਕਰੇਨ ਵਿੱਚ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਕੁਝ ਦਿਨ ਪਹਿਲਾਂ ਰੂਸ ਵੱਲੋਂ ਕਿਹਾ ਗਿਆ ਸੀ ਕਿ ਆਮ ਨਾਗਰਿਕਾਂ ਨੂੰ ਕੱਢਣ ਲਈ ਕੁਝ ਕੋਰੀਡੋਰਾਂ 'ਤੇ ਜੰਗਬੰਦੀ ਕੀਤੀ ਜਾਵੇਗੀ। ਜਿਸ ਤੋਂ ਬਾਅਦ ਵੱਖ-ਵੱਖ ਸਮੇਂ 'ਤੇ ਯੂਕਰੇਨ ਦੇ ਸ਼ਹਿਰਾਂ ਤੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਇਸ ਸਬੰਧੀ ਯੂਕਰੇਨ ਸਥਿਤ ਭਾਰਤੀ ਦੂਤਾਵਾਸ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਜਿਸ ਵਿੱਚ ਲੋਕਾਂ ਨੂੰ 10 ਵਜੇ ਤੋਂ ਬਾਅਦ ਕਿਸੇ ਵੀ ਤਰੀਕੇ ਨਾਲ ਯੂਕਰੇਨ ਤੋਂ ਨਿਕਲਣ ਦੀ ਸਲਾਹ ਦਿੱਤੀ ਗਈ ਹੈ।
ਲੋਕਾਂ ਨੂੰ ਬਾਰਡਰ ਤੱਕ ਪਹੁੰਚਣ ਦੀ ਸਲਾਹ
ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਭਾਰਤੀ ਦੂਤਾਵਾਸ ਵੱਲੋਂ ਜਾਰੀ ਕੀਤੀ ਗਈ ਇਸ ਨਵੀਂ ਐਡਵਾਈਜ਼ਰੀ ਵਿੱਚ ਦੱਸਿਆ ਗਿਆ ਹੈ ਕਿ 8 ਮਾਰਚ ਨੂੰ ਸਵੇਰੇ 10 ਵਜੇ ਤੋਂ ਲੋਕਾਂ ਨੂੰ ਕੱਢਣ ਲਈ ਬਣਾਏ ਗਏ ਕੋਰੀਡੋਰ ਰਾਹੀਂ ਨਿਕਾਸੀ ਪ੍ਰੋਗਰਾਮ ਸ਼ੁਰੂ ਹੋਵੇਗਾ। ਜਿਸ ਦਾ ਸਾਰੇ ਭਾਰਤੀਆਂ ਨੂੰ ਫਾਇਦਾ ਉਠਾਉਣਾ ਚਾਹੀਦਾ ਹੈ। ਇਸ ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਯੂਕਰੇਨ 'ਚ ਸੁਰੱਖਿਆ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਯੂਕਰੇਨ 'ਚ ਫਸੇ ਸਾਰੇ ਭਾਰਤੀਆਂ ਨੂੰ ਇਸ ਲਾਂਘੇ ਰਾਹੀਂ ਸਰਹੱਦੀ ਇਲਾਕਿਆਂ 'ਚ ਪਹੁੰਚਣਾ ਚਾਹੀਦਾ ਹੈ।
ਯੂਕਰੇਨ ਦੇ ਵੱਖ-ਵੱਖ ਖੇਤਰਾਂ ਵਿੱਚ ਫਸੇ ਭਾਰਤੀਆਂ ਨੂੰ 8 ਮਾਰਚ ਨੂੰ ਰੇਲ, ਬੱਸ ਜਾਂ ਕਿਸੇ ਹੋਰ ਆਵਾਜਾਈ ਰਾਹੀਂ ਯੂਕਰੇਨ ਤੋਂ ਨਿਕਲਣ ਦੀ ਕੋਸ਼ਿਸ਼ ਕਰੋ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਜੋ ਸਥਿਤੀ ਬਣੀ ਹੋਈ ਹੈ, ਇਹ ਸਪੱਸ਼ਟ ਨਹੀਂ ਕਿਹਾ ਜਾ ਸਕਦਾ ਕਿ ਅਗਲੀ ਵਾਰ ਲੋਕਾਂ ਨੂੰ ਕੱਢਣ ਲਈ ਅਜਿਹਾ ਕਾਰੀਡੋਰ ਕਦੋਂ ਬਣਾਇਆ ਜਾ ਸਕਦਾ ਹੈ।
ਯੂਕਰੇਨ ਦਾ ਰੂਸ 'ਤੇ ਆਰੋਪ , ਜੰਗਬੰਦੀ ਦੀ ਹੋ ਰਹੀ ਹੈ ਉਲੰਘਣਾ
ਤੁਹਾਨੂੰ ਦੱਸ ਦੇਈਏ ਕਿ ਯੂਕਰੇਨ ਵਿੱਚ ਕਰੀਬ 6 ਅਜਿਹੇ ਕੋਰੀਡੋਰ ਬਣਾਏ ਗਏ ਹਨ, ਜਿੱਥੋਂ ਆਮ ਨਾਗਰਿਕਾਂ ਨੂੰ ਕੱਢਣ ਦੀ ਪ੍ਰਕਿਰਿਆ ਚੱਲ ਰਹੀ ਹੈ। ਰੂਸ ਨੇ ਵਾਅਦਾ ਕੀਤਾ ਸੀ ਕਿ ਇਨ੍ਹਾਂ ਕੋਰੀਡੋਰਾਂ 'ਤੇ ਕੋਈ ਹਮਲਾ ਨਹੀਂ ਹੋਵੇਗਾ ਪਰ ਹੁਣ ਯੂਕਰੇਨ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਰੂਸ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ ਅਤੇ ਇਨ੍ਹਾਂ ਕੋਰੀਡੋਰਾਂ 'ਤੇ ਬੰਬਾਰੀ ਜਾਰੀ ਹੈ। ਯੂਕਰੇਨ ਨੇ ਵੀ ਕਈ ਲੋਕਾਂ ਦੀ ਮੌਤ ਦਾ ਦਾਅਵਾ ਕੀਤਾ ਹੈ। ਜੇਕਰ ਭਾਰਤੀਆਂ ਦੀ ਗੱਲ ਕਰੀਏ ਤਾਂ ਹੁਣ ਵੀ ਬਹੁਤ ਸਾਰੇ ਭਾਰਤੀ ਯੂਕਰੇਨ ਦੇ ਵੱਖ-ਵੱਖ ਇਲਾਕਿਆਂ ਵਿੱਚ ਫਸੇ ਹੋਏ ਹਨ। ਉਨ੍ਹਾਂ ਨੂੰ ਗੁਆਂਢੀ ਮੁਲਕਾਂ ਤੋਂ ਬਾਹਰ ਕੱਢਣ ਦੀ ਪ੍ਰਕਿਰਿਆ ਚੱਲ ਰਹੀ ਹੈ।