Ukraine Russia War: ਯੂਕਰੇਨ ਤੇ ਰੂਸ ਵਿਚਾਲੇ ਜੰਗ ਦਿਨੋ-ਦਿਨ ਹੋਰ ਭਿਆਨਕ ਹੁੰਦੀ ਜਾ ਰਹੀ ਹੈ। 13 ਦਿਨਾਂ ਤੱਕ ਚੱਲੀ ਇਸ ਜੰਗ ਵਿੱਚ ਹੁਣ ਤੱਕ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ ਤੇ ਕਈ ਸਕੂਲ ਤੇ ਹਸਪਤਾਲ ਤਬਾਹ ਹੋ ਗਏ ਹਨ। ਇਸ ਦੇ ਨਾਲ ਹੀ ਯੂਕਰੇਨ ਦਾ ਦਾਅਵਾ ਹੈ ਕਿ ਉਸ ਨੇ ਰੂਸੀ ਫੌਜ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਹੈ। ਯੂਕਰੇਨ ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ 24 ਫਰਵਰੀ ਤੋਂ 7 ਮਾਰਚ ਤੱਕ ਇਸ ਨੇ 12,000 ਰੂਸੀ ਸੈਨਿਕਾਂ ਨੂੰ ਢੇਰ ਕੀਤਾ ਹੈ।

ਜਦਕਿ 303 ਟੈਂਕ ਤਬਾਹ ਹੋ ਚੁੱਕੇ ਹਨ, ਜਦਕਿ 1036 ਹਥਿਆਰਬੰਦ ਵਾਹਨਾਂ ਨੂੰ ਵੀ ਉਡਾਇਆ ਗਿਆ ਹੈ। ਯੂਕਰੇਨ ਦੇ ਦਾਅਵੇ ਅਨੁਸਾਰ ਹੁਣ ਤੱਕ ਉਹ ਯੁੱਧ ਵਿੱਚ 120 ਤੋਪਖਾਨੇ, 56 ਐਮਐਲਆਰਐਸ, 27 ਹਵਾਈ ਰੱਖਿਆ ਪ੍ਰਣਾਲੀ, 48 ਹਵਾਈ ਜਹਾਜ਼, 80 ਹੈਲੀਕਾਪਟਰ, 474 ਆਟੋਮੋਟਿਵ ਤਕਨਾਲੋਜੀ ਤੇ ਰੂਸ ਦੇ 3 ਜਹਾਜ਼/ਕਿਸ਼ਤੀਆਂ ਨੂੰ ਤਬਾਹ ਕਰ ਚੁੱਕਾ ਹੈ।  

ਉੱਥੇ ਹੀ ਰੂਸੀ ਜਹਾਜ਼ਾਂ ਨੇ ਸੋਮਵਾਰ ਰਾਤ ਭਰ ਪੂਰਬੀ ਤੇ ਮੱਧ ਯੂਕਰੇਨ ਦੇ ਸ਼ਹਿਰਾਂ 'ਤੇ ਬੰਬ ਸੁੱਟੇ। ਯੂਕਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਜਧਾਨੀ ਕੀਵ ਦੇ ਉਪਨਗਰਾਂ ਵਿੱਚ ਵੀ ਗੋਲਾਬਾਰੀ ਕੀਤੀ ਗਈ।

ਖੇਤਰੀ ਨੇਤਾ ਦਿਮਿਤਰੋ ਜ਼ੀਵਿਟਸਕੀ ਨੇ ਕਿਹਾ ਕਿ ਰੂਸੀ ਸਰਹੱਦ ਦੇ ਨੇੜੇ ਕੀਵ ਦੇ ਪੂਰਬ ਵਿਚ ਸੁਮੀ ਅਤੇ ਓਖਤਿਰਕਾ ਸ਼ਹਿਰਾਂ ਵਿਚ ਰਿਹਾਇਸ਼ੀ ਇਮਾਰਤਾਂ ਤੇ ਇੱਕ ਪ੍ਰਮਾਣੂ ਪਲਾਂਟ ਨੂੰ ਤਬਾਹ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਕੁਝ ਲੋਕਾਂ ਦੀ ਮੌਤ ਹੋਈ ਹੈ ਅਤੇ ਕੁਝ ਜ਼ਖਮੀ ਹੋਏ ਹਨ ਪਰ ਉਨ੍ਹਾਂ ਨੇ ਅੰਕੜਾ ਨਹੀਂ ਦੱਸਿਆ। ਕੀਵ ਦੇ ਪੱਛਮ ਵਿੱਚ ਜ਼ਾਇਟੋਮੀਰ ਤੇ ਨੇੜਲੇ ਸ਼ਹਿਰ ਚੇਰਨੀਆਖਿਵ ਵਿਚ ਤੇਲ ਡਿਪੂਆਂ 'ਤੇ ਵੀ ਬੰਬ ਸੁੱਟੇ ਗਏ ਸਨ। ਕੀਵ ਦੇ ਉਪਨਗਰ ਬੁਚਾ ਵਿੱਚ ਮੇਅਰ ਨੇ ਕਿਹਾ ਕਿ ਭਾਰੀ ਗੋਲਾਬਾਰੀ ਹੋਈ ਹੈ।

ਮੇਅਰ ਅਨਾਤੋਂਲ ਫੇਡੋਰੂਕ ਨੇ ਕਿਹਾ, "ਭਾਰੇ ਹਥਿਆਰਾਂ ਨਾਲ ਦਿਨ-ਰਾਤ ਗੋਲਾਬਾਰੀ ਹੋਣ ਕਾਰਨ ਅਸੀਂ ਲਾਸ਼ਾਂ ਨੂੰ ਵੀ ਇਕੱਠਾ ਨਹੀਂ ਕਰ ਸਕੇ। ਸ਼ਹਿਰ ਦੀਆਂ ਸੜਕਾਂ 'ਤੇ ਕੁੱਤੇ ਲਾਸ਼ਾਂ ਨੂੰ ਖਿੱਚ ਰਹੇ ਹਨ। ਇਹ ਇੱਕ ਡਰਾਉਣਾ ਸੁਪਨਾ ਹੈ। ਯੂਕਰੇਨ ਦੀ ਸਰਕਾਰ ਸੁਮੀ, ਜ਼ਾਇਟੋਮਿਰ, ਖਾਰਕੀਵ, ਮਾਰੀਉਪੋਲ ਤੇ ਬੁਚਾ ਸਮੇਤ ਕੀਵ ਦੇ ਉਪਨਗਰਾਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਜਾਣ ਦੇਣ ਲਈ ਮਾਨਵਤਾਵਾਦੀ ਗਲਿਆਰਾ ਖੋਲ੍ਹਣ ਦੀ ਮੰਗ ਕਰ ਰਹੀ ਹੈ।