Russia Ukraine War: First batch of evacuees from Ukraine reach Romania


Russia Ukraine War: ਯੂਕਰੇਨ ਵਿੱਚ ਰੂਸੀ ਹਮਲੇ ਤੋਂ ਬਾਅਦ ਫਸੇ ਭਾਰਤੀਆਂ ਦਾ ਪਹਿਲਾ ਸਮੂਹ ਸ਼ੁੱਕਰਵਾਰ ਨੂੰ ਸੁਸੇਵਾ ਸਰਹੱਦ ਰਾਹੀਂ ਰੋਮਾਨੀਆ ਪਹੁੰਚਿਆ। ਰੋਮਾਨੀਆ ਪਹੁੰਚਣ ਵਾਲੇ ਜ਼ਿਆਦਾਤਰ ਲੋਕ ਵਿਦਿਆਰਥੀ ਹਨ ਅਤੇ ਉਨ੍ਹਾਂ ਦੀ ਗਿਣਤੀ 470 ਦੇ ਕਰੀਬ ਹੈ। ਹੁਣ ਇਨ੍ਹਾਂ ਸਾਰਿਆਂ ਨੂੰ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਭੇਜਿਆ ਜਾ ਰਿਹਾ ਹੈ। ਜਿੱਥੋਂ ਉਨ੍ਹਾਂ ਨੂੰ ਭਾਰਤ ਵਾਪਸ ਲਿਆਂਦਾ ਜਾਵੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।


ਇਸ ਦੇ ਨਾਲ ਹੀ ਏਅਰ ਇੰਡੀਆ ਨੇ ਬੁਖਾਰੇਸਟ ਲਈ ਦੋ ਉਡਾਣਾਂ ਭੇਜਣ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਰੂਸ ਨੇ ਦੂਜੇ ਦਿਨ ਵੀ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਹੋਰ ਸ਼ਹਿਰਾਂ 'ਤੇ ਹਵਾਈ ਹਮਲੇ ਕੀਤੇ। ਇਸ ਕਾਰਨ ਲੋਕ ਲਗਾਤਾਰ ਯੂਕਰੇਨ ਛੱਡ ਰਹੇ ਹਨ। ਸੰਯੁਕਤ ਰਾਸ਼ਟਰ ਦਾ ਦਾਅਵਾ ਹੈ ਕਿ ਲਗਪਗ 50,000 ਲੋਕ ਯੂਕਰੇਨ ਛੱਡ ਚੁੱਕੇ ਹਨ।






ਯੂਕਰੇਨ ਵਿੱਚ ਕਰੀਬ 20 ਹਜ਼ਾਰ ਭਾਰਤੀ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਹਨ। ਉਨ੍ਹਾਂ ਦੀ ਵਾਪਸੀ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਰੂਸੀ ਫੌਜੀ ਹਮਲੇ ਤੋਂ ਬਾਅਦ ਯੂਕਰੇਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਭਾਰਤ ਰੋਮਾਨੀਆ, ਹੰਗਰੀ, ਸਲੋਵਾਕ ਗਣਰਾਜ ਅਤੇ ਪੋਲੈਂਡ ਦੀਆਂ ਜ਼ਮੀਨੀ ਸਰਹੱਦਾਂ ਰਾਹੀਂ ਭਾਰਤੀਆਂ ਨੂੰ ਕੱਢਣ 'ਤੇ ਧਿਆਨ ਦੇ ਰਿਹਾ ਹੈ।


ਇਸ ਸਬੰਧ 'ਚ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨਾਲ ਫੋਨ 'ਤੇ ਗੱਲ ਕੀਤੀ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਟਵੀਟ ਕੀਤਾ, ''ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਦਾ ਫੋਨ ਆਇਆ। ਉਨ੍ਹਾਂ ਮੌਜੂਦਾ ਸਥਿਤੀ ਬਾਰੇ ਆਪਣਾ ਮੁਲਾਂਕਣ ਸਾਂਝਾ ਕੀਤਾ। ਜੈਸ਼ੰਕਰ ਨੇ ਕਿਹਾ, ''ਮੈਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਕੋਈ ਹੱਲ ਲੱਭਣ ਲਈ ਕੂਟਨੀਤੀ ਅਤੇ ਗੱਲਬਾਤ ਦਾ ਸਮਰਥਨ ਕਰਦਾ ਹੈ।'' ਉਨ੍ਹਾਂ ਨੇ ਵਿਦਿਆਰਥੀਆਂ ਸਮੇਤ ਭਾਰਤੀ ਨਾਗਰਿਕਾਂ ਦੀ ਸਥਿਤੀ ਅਤੇ ਸੁਰੱਖਿਅਤ ਨਿਕਾਸੀ 'ਚ ਉਨ੍ਹਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ।


ਇਸ ਤੋਂ ਪਹਿਲਾਂ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ 'ਚ ਵਿਗੜਦੇ ਹਾਲਾਤ ਵਿਚਾਲੇ ਵੀਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਅਤੇ ਸਾਰੀਆਂ ਧਿਰਾਂ ਨੂੰ ਹਿੰਸਾ ਨੂੰ ਖ਼ਤਮ ਕਰਨ ਅਤੇ ਕੂਟਨੀਤਕ ਗੱਲਬਾਤ ਦਾ ਰਾਹ ਅਪਣਾਉਣ ਦੀ ਅਪੀਲ ਕੀਤੀ ਸੀ। ਇਸ ਦੌਰਾਨ ਭਾਰਤੀ ਲੋਕਾਂ ਦੀ ਵਾਪਸੀ ਬਾਰੇ ਵੀ ਚਰਚਾ ਕੀਤੀ ਗਈ।


ਇਹ ਵੀ ਪੜ੍ਹੋ: ਰੂਸ ਦੇ ਕਬਜ਼ੇ ਤੋਂ ਬਾਅਦ ਪਰਮਾਣੂ ਪਲਾਂਟ 'ਚ ਰੇਡੀਏਸ਼ਨ 100 ਗੁਣਾ ਵਧਿਆ, ਖ਼ਤਮ ਹੋ ਸਕਦੀ ਵੱਡੀ ਆਬਾਦੀ!