Russia Ukraine Conflict: ਰੂਸ ਤੇ ਯੂਕਰੇਨ ਵਿਚਕਾਰ ਭਿਆਨਕ ਜੰਗ ਜਾਰੀ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ਸ਼ਾਂਤੀ ਦੀ ਦਿਸ਼ਾ 'ਚ ਪਹਿਲਕਦਮੀ ਕਰਦਾ ਨਜ਼ਰ ਆ ਰਿਹਾ ਹੈ ਪਰ ਲੱਗਦਾ ਹੈ ਕਿ ਰੂਸ ਫਿਲਹਾਲ ਸ਼ਾਂਤੀ ਦੀ ਦਿਸ਼ਾ 'ਚ ਕਦਮ ਚੁੱਕਣ 'ਚ ਦਿਲਚਸਪੀ ਨਹੀਂ ਰੱਖਦਾ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਦੇ ਯੂਕਰੇਨ ਦੌਰੇ ਦੇ ਦੌਰਾਨ ਰੂਸੀ ਸੈਨਿਕਾਂ ਨੇ ਵੀਰਵਾਰ ਨੂੰ ਕੀਵ ਸਮੇਤ ਦੇਸ਼ ਦੇ ਵੱਡੇ ਹਿੱਸੇ 'ਤੇ ਬੰਬਾਰੀ ਕੀਤੀ।



ਰਾਹਤ ਤੇ ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਕੀਵ 'ਤੇ ਹੋਏ ਹਮਲੇ 'ਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਵੀ ਹੋਏ। ਦੱਸਿਆ ਜਾ ਰਿਹਾ ਹੈ ਕਿ ਹਮਲੇ 'ਚ ਦੋ ਇਮਾਰਤਾਂ ਤਬਾਹ ਹੋ ਗਈਆਂ। ਜਿਸ ਤੋਂ ਬਾਅਦ ਕੁਝ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ।

ਸੰਯੁਕਤ ਰਾਸ਼ਟਰ ਮੁਖੀ ਦੀ ਫੇਰੀ ਦੌਰਾਨ ਕੀਵ ਸਮੇਤ ਕਈ ਸ਼ਹਿਰਾਂ 'ਚ ਬੰਬ ਧਮਾਕੇ

ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਦੇ ਨਾਲ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੀ ਸਾਂਝੀ ਪ੍ਰੈਸ ਕਾਨਫਰੰਸ ਤੋਂ ਤੁਰੰਤ ਬਾਅਦ ਰੂਸੀ ਸੈਨਿਕਾਂ ਦੁਆਰਾ ਇਹ ਹਮਲਾ ਕੀਤਾ ਗਿਆ ਸੀ। ਇਸ ਹਮਲੇ ਦੀ ਘਟਨਾ ਤੋਂ ਬਾਅਦ ਸੰਯੁਕਤ ਰਾਸ਼ਟਰ ਮੁਖੀ ਤੇ ਉਨ੍ਹਾਂ ਦੀ ਟੀਮ ਕਾਫੀ ਹੈਰਾਨ ਹੈ। ਇਸ ਤੋਂ ਇਲਾਵਾ ਯੂਕਰੇਨ ਦੇ ਕਈ ਹੋਰ ਸ਼ਹਿਰਾਂ 'ਚ ਵੀ ਬੰਬ ਧਮਾਕਿਆਂ ਦੀ ਖਬਰ ਹੈ।

ਰੂਸੀ ਫੌਜਾਂ ਨੇ ਚੇਰਨੀਹਿਵ, ਫਾਸਟੀਵ ਸਮੇਤ ਕਈ ਹੋਰ ਸ਼ਹਿਰਾਂ 'ਤੇ ਬੰਬਾਰੀ ਕੀਤੀ। ਜਾਣਕਾਰੀ ਦਿੰਦੇ ਹੋਏ ਦੱਖਣੀ ਯੂਕਰੇਨ ਦੇ ਓਡੇਸਾ ਦੇ ਮੇਅਰ ਨੇ ਦੱਸਿਆ ਕਿ ਹਵਾਈ ਰੱਖਿਆ ਪ੍ਰਣਾਲੀ ਨੇ ਰਾਕੇਟ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਐਂਟੋਨੀਓ ਗੁਟੇਰੇਸ ਨੇ ਜ਼ੇਲੇਨਸਕੀ ਨੂੰ ਮਿਲਣ ਤੋਂ ਪਹਿਲਾਂ ਮਾਸਕੋ ਵਿੱਚ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕੀਤੀ ਅਤੇ ਸ਼ਾਂਤੀ ਲਈ ਠੋਸ ਪਹਿਲਕਦਮੀਆਂ ਦੀ ਅਪੀਲ ਕੀਤੀ।