ਸੰਯੁਕਤ ਰਾਸ਼ਟਰ ਮਹਾਸਭਾ ਨੇ ਵੀਰਵਾਰ ਨੂੰ ਰੂਸ ਨੂੰ ਵਿਸ਼ਵ ਦੀ ਚੋਟੀ ਦੀ ਮਨੁੱਖੀ ਅਧਿਕਾਰ ਸੰਸਥਾ ਤੋਂ ਮੁਅੱਤਲ ਕਰ ਦਿੱਤਾ। ਅਮਰੀਕਾ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (UNHRC) ਤੋਂ ਰੂਸ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਪੇਸ਼ ਕੀਤਾ। 193 ਮੈਂਬਰੀ ਜਨਰਲ ਅਸੈਂਬਲੀ (ਯੂਐਨਜੀਏ) ਵਿੱਚ ਮਤੇ ਦੇ ਹੱਕ ਵਿੱਚ 93 ਵੋਟਾਂ ਪਈਆਂ, ਜਦੋਂ ਕਿ ਭਾਰਤ ਸਮੇਤ 58 ਦੇਸ਼ ਗੈਰਹਾਜ਼ਰ ਰਹੇ। ‘ਮਨੁੱਖੀ ਅਧਿਕਾਰ ਪ੍ਰੀਸ਼ਦ ਵਿੱਚ ਰਸ਼ੀਅਨ ਫੈਡਰੇਸ਼ਨ ਦੀ ਮੈਂਬਰਸ਼ਿਪ ਦੇ ਮੁਅੱਤਲ ਅਧਿਕਾਰ’ ਸਿਰਲੇਖ ਵਾਲੇ ਮਤੇ ਦੇ ਵਿਰੁੱਧ 24 ਵੋਟਾਂ ਪਈਆਂ। ਇਸ ਤਰ੍ਹਾਂ ਮਤਾ ਪਾਸ ਹੋ ਗਿਆ।


 

 ਵੋਟਿੰਗ ਤੋਂ ਗੈਰਹਾਜ਼ਰ ਰਹਿਣ ਵਾਲੇ ਦੇਸ਼ਾਂ ਵਿੱਚ ਬੰਗਲਾਦੇਸ਼, ਭੂਟਾਨ, ਬ੍ਰਾਜ਼ੀਲ, ਮਿਸਰ, ਇੰਡੋਨੇਸ਼ੀਆ, ਇਰਾਕ, ਮਲੇਸ਼ੀਆ, ਮਾਲਦੀਵ, ਨੇਪਾਲ, ਪਾਕਿਸਤਾਨ, ਕਤਰ, ਸਾਊਦੀ ਅਰਬ, ਸਿੰਗਾਪੁਰ, ਦੱਖਣੀ ਅਫਰੀਕਾ, ਸ਼੍ਰੀਲੰਕਾ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਸ ਤਿਰੁਮੂਰਤੀ ਨੇ ਵੋਟਿੰਗ ਤੋਂ ਬਾਅਦ ਕਿਹਾ, ''ਭਾਰਤ ਨੇ ਮਨੁੱਖੀ ਅਧਿਕਾਰ ਪ੍ਰੀਸ਼ਦ ਤੋਂ ਰੂਸੀ ਸੰਘ ਨੂੰ ਮੁਅੱਤਲ ਕਰਨ ਦੇ ਮਤੇ 'ਤੇ ਹੋਈ ਆਮ ਸਭਾ ਵਿੱਚ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਅਸੀਂ ਇਹ ਤਰਕਸੰਗਤ ਅਤੇ ਪ੍ਰਕਿਰਿਆਤਮਕ ਕਾਰਨਾਂ ਕਰਕੇ ਕੀਤਾ ਹੈ।"

 

ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਟਵੀਟ ਕੀਤਾ ਕਿ ਰੂਸ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੀਆਂ ਸੰਸਥਾਵਾਂ ਵਿੱਚ ਜੰਗੀ ਅਪਰਾਧੀਆਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ, “ਸਾਰੇ ਮੈਂਬਰ ਦੇਸ਼ਾਂ ਦਾ ਧੰਨਵਾਦੀ ਹਾਂ ,ਜਿਨ੍ਹਾਂ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਅਤੇ ਇਤਿਹਾਸ ਵਿਚ ਸਹੀ ਪੱਖ ਨਾਲ ਖੜ੍ਹੇ ਰਹੇ।”

 

ਦੱਸ ਦੇਈਏ ਕਿ ਰੂਸੀ ਸੈਨਿਕਾਂ ਵੱਲੋਂ ਯੂਕਰੇਨ ਦੇ  ਬੂਚਾ ਸ਼ਹਿਰ ਵਿੱਚ ਕੀਤੀ ਗਈ ਨਾਗਰਿਕਾਂ ਦੀ ਹੱਤਿਆ ਦੀਆਂ ਤਸਵੀਰਾਂ  ਅਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਮਰੀਕੀ ਰਾਜਦੂਤ ਲਿੰਡਾ ਥਾਮਸ ਗ੍ਰੀਨਫੀਲਡ ਨੇ 47 ਮੈਂਬਰੀ ਮਨੁੱਖੀ ਅਧਿਕਾਰ ਕੌਂਸਲ ਤੋਂ ਰੂਸ ਨੂੰ ਮੁਅੱਤਲ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਹੁਣ ਰੂਸ ਨੂੰ UNHRC ਤੋਂ ਬਾਹਰ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰੂਸ ਦੂਜਾ ਦੇਸ਼ ਹੈ, ਜਿਸ ਦੀ ਯੂਐੱਨਐੱਚਆਰਸੀ ਦੀ ਮੈਂਬਰਸ਼ਿਪ ਖੋਹ ਲਈ ਗਈ ਹੈ। ਜਨਰਲ ਅਸੈਂਬਲੀ ਨੇ 2011 ਵਿੱਚ ਲੀਬੀਆ ਨੂੰ ਕੌਂਸਲ ਤੋਂ ਮੁਅੱਤਲ ਕਰ ਦਿੱਤਾ ਸੀ।