ਬਗਦਾਦ: ਇਰਾਕ 'ਚ ਆਏ ਰੇਤ ਦੇ ਤੂਫਾਨ ਨੇ ਇਰਾਕ 'ਚ ਹੜਕੰਪ ਮਚਾ ਦਿੱਤਾ ਹੈ। ਇਸ ਦੇ ਪ੍ਰਭਾਵ ਕਾਰਨ 4000 ਤੋਂ ਵੱਧ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਹਸਪਤਾਲਾਂ ਵਿੱਚ ਦਾਖ਼ਲ ਕਰਵਾਉਣਾ ਪਿਆ ਹੈ। ਸੋਮਵਾਰ ਨੂੰ ਆਏ ਰੇਤ ਦੇ ਤੂਫਾਨ ਨੇ ਇਰਾਕ ਨੂੰ ਠੱਪ ਕਰ ਦਿੱਤਾ। ਦੇਸ਼ ਭਰ ਦੇ ਹਵਾਈ ਅੱਡਿਆਂ, ਸਕੂਲਾਂ ਤੇ ਦਫ਼ਤਰਾਂ ਨੂੰ ਬੰਦ ਕਰ ਦਿੱਤਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅਪ੍ਰੈਲ ਤੋਂ ਬਾਅਦ ਇਰਾਕ 'ਚ ਆਉਣ ਵਾਲਾ ਇਹ ਅੱਠਵਾਂ ਤੂਫਾਨ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਵੀ ਰੇਤ ਦੇ ਤੂਫ਼ਾਨ ਵਿੱਚ ਸਾਹ ਲੈਣ ਵਿੱਚ ਤਕਲੀਫ਼ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 5000 ਹੋਰਾਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਵਾਉਣਾ ਪਿਆ ਸੀ।
ਅਸਮਾਨ ਧੂੜ ਦੇ ਬੱਦਲਾਂ ਨਾਲ ਢੱਕਿਆ
ਸੋਮਵਾਰ ਨੂੰ ਆਇਆ ਰੇਤ ਦਾ ਤੂਫਾਨ ਇੰਨਾ ਜ਼ਬਰਦਸਤ ਸੀ ਕਿ ਧੂੜ ਦੇ ਸੰਘਣੇ ਬੱਦਲਾਂ ਨੇ ਰਾਜਧਾਨੀ ਬਗਦਾਦ ਨੂੰ ਸੰਤਰੀ ਚਮਕ ਨਾਲ ਢੱਕ ਲਿਆ। ਇਸ ਦਾ ਪ੍ਰਭਾਵ ਦੱਖਣੀ ਇਰਾਕ ਵਿੱਚ ਸ਼ੀਆ-ਪ੍ਰਭਾਵੀ ਨਜਫ ਤੇ ਉੱਤਰੀ ਕੁਰਦਿਸ਼ ਖੁਦਮੁਖਤਿਆਰ ਖੇਤਰ ਵਿੱਚ ਸੁਲੇਮਾਨੀਆ ਸਮੇਤ ਕਈ ਹੋਰ ਸ਼ਹਿਰਾਂ ਵਿੱਚ ਦਿਖਾਈ ਦਿੱਤਾ। ਰੇਤ ਇਮਾਰਤਾਂ, ਕਾਰਾਂ ਤੇ ਘਰਾਂ ਦੀਆਂ ਛੱਤਾਂ ਵਿੱਚ ਵੜ ਗਈ। ਅਧਿਕਾਰੀਆਂ ਨੇ ਰਾਜਧਾਨੀ ਬਗਦਾਦ ਸਮੇਤ ਇਰਾਕ ਦੇ 18 ਵਿੱਚੋਂ 7 ਸੂਬਿਆਂ ਵਿੱਚ ਸਰਕਾਰੀ ਦਫ਼ਤਰਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ।
ਹਸਪਤਾਲ ਖੁੱਲ੍ਹੇ ਰੱਖੇ ਗਏ ਤਾਂ ਜੋ ਬਜ਼ੁਰਗਾਂ ਅਤੇ ਦਮੇ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਦਾ ਇਲਾਜ ਕੀਤਾ ਜਾ ਸਕੇ। ਇਰਾਕ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਸੈਫ ਅਲ-ਬਦਰ ਮੁਤਾਬਕ 4,000 ਲੋਕਾਂ ਨੂੰ ਇਲਾਜ ਲਈ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਕਈਆਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਬਜ਼ੁਰਗਾਂ ਨੂੰ ਇਸ ਤੂਫ਼ਾਨ ਦਾ ਜ਼ਿਆਦਾ ਨੁਕਸਾਨ ਹੋਇਆ।
ਇਸੇ ਲਈ ਇਰਾਕ ਵਿੱਚ ਰੇਤ ਦੇ ਤੂਫ਼ਾਨ ਉੱਠ ਰਹੇ
ਅਸਲ ਵਿੱਚ ਇਰਾਕ ਵਿੱਚ ਇਹ ਹਾਲਾਤ ਮਿੱਟੀ ਦੇ ਖੁਰਨ, ਗੰਭੀਰ ਸੋਕੇ ਤੇ ਘੱਟ ਵਰਖਾ ਕਾਰਨ ਪੈਦਾ ਹੋ ਰਹੇ ਹਨ। ਜਲਵਾਯੂ ਪਰਿਵਰਤਨ ਵੀ ਇਨ੍ਹਾਂ ਰੇਤ ਦੇ ਤੂਫਾਨਾਂ ਦਾ ਕਾਰਨ ਹੈ।