ਨਵੀਂ ਦਿੱਲੀ: ਮਹਿਲਾ ਸਸ਼ਕਤੀਕਰਨ ਦੀ ਕਵਾਇਦ ਵਜੋਂ ਸਾਊਦੀ ਅਰਬ ਨੇ ਇਸਲਾਮ ਦੇ ਦੋ ਸਭ ਤੋਂ ਅਹਿਮ ਸਥਾਨਾਂ 'ਤੇ ਹੁਣ ਔਰਤਾਂ ਦੀ ਨਿਯੁਕਤੀ ਕਰਨ ਦਾ ਫੈਸਲਾ ਕੀਤਾ ਹੈ। ਇੱਕ ਅਖਬਾਰ ਮੁਤਾਬਕ, 10 ਔਰਤਾਂ ਨੂੰ ਮੱਕਾ-ਮਦੀਨਾ ਦੀਆਂ ਮਸਜਿਦਾਂ ਦੇ ਪ੍ਰਬੰਧਕੀ ਮਾਮਲਿਆਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਵਿੱਚ ਸੀਨੀਅਰ ਅਹੁਦਿਆਂ 'ਤੇ ਤਾਇਨਾਤ ਕੀਤਾ ਗਿਆ ਹੈ।


ਇਸਲਾਮ ਦੀਆਂ ਅਹਿਮ ਮਸਜਿਦਾਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਦੀ ਸਹਾਇਕ ਅੰਡਰ ਸੈਕਟਰੀ ਕਮੇਲੀਆ ਅਲਦਾਦੀ ਦਾ ਕਹਿਣਾ ਹੈ, “ਉਨ੍ਹਾਂ ਨਿਯੁਕਤੀਆਂ ਵਿੱਚ ਕਾਬਾ ਤੇ ਮਦੀਨਾ ਦੀਆਂ ਮਸਜਿਦਾਂ ਵਿੱਚ ਦਿੱਤੀਆਂ ਜਾਂਦੀਆਂ ਸਾਰੀਆਂ ਸੇਵਾਵਾਂ ਤੇ ਕੁਸ਼ਲਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਚਾਹੇ ਇੰਜਨੀਅਰਿੰਗ, ਅਗਵਾਈ, ਪ੍ਰਬੰਧਨ ਜਾਂ ਸੁਪਰਵਾਇਜਰੀ ਦਾ ਕੰਮ ਹੋਵੇ। ਔਰਤਾਂ ਨੂੰ ਕਾਬਾ ਦੇ ਕਿੰਗ ਅਬਦੁੱਲ ਅਜ਼ੀਜ਼ ਕੰਪਲੈਕਸ, ਪਵਿੱਤਰ ਮਸਜਿਦ ਦੀ ਲਾਇਬ੍ਰੇਰੀ ਤੇ ਹੋਰ ਵਿਭਾਗਾਂ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸ ਦਾ ਉਦੇਸ਼ ਔਰਤਾਂ ਤੇ ਨੌਜਵਾਨਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਤੇ ਉਨ੍ਹਾਂ ਦੀਆਂ ਕਾਬਲੀਅਤਾਂ ਦੀ ਵਰਤੋਂ ਹਾਜੀਆਂ ਦੀ ਸੇਵਾ ਕਰਨ ਲਈ ਕਰਨਾ ਹੈ।”

ਮਹਿਲਾ ਸਸ਼ਕਤੀਕਰਨ ਦੀ ਦਿਸ਼ਾ 'ਚ ਚੁੱਕੇ ਗਏ ਕਦਮ:

ਦੱਸ ਦਈਏ ਕਿ ਸੰਨ 2018 'ਚ ਕਾਨੂੰਨ ਮੰਤਰਾਲੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਹੁਣ ਤਲਾਕਸ਼ੁਦਾ ਔਰਤਾਂ ਨੂੰ ਆਪਣੇ ਬੱਚਿਆਂ ਦੀ ਕਸਟਡੀ ਦਾ ਪੂਰੀ ਹੱਕ ਹੋਏਗਾ। ਸਾਊਦੀ ਅਰਬ 'ਚ ਮਹਿਲਾਵਾਂ ਦੇ ਸਟੇਡੀਅਮ 'ਚ ਮੈਚ ਵੇਖਣ ਨੂੰ ਲੈ ਕੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਗਸਤ 2019 'ਚ ਔਰਤਾਂ ਨੂੰ ਕੈਂਪਸ ਵਿੱਚ ਮੋਬਾਈਲ ਫੋਨ ਲੈ ਜਾਣ ਦੀ ਇਜਾਜ਼ਤ ਮਿਲੀ। ਨਾਲ ਹੀ ਹੋਰ ਕਈ ਨਿਯਮਾਂ 'ਚ ਤਬਦੀਲੀ ਕੀਤੀ ਗਈ ਜਿਨ੍ਹਾਂ 'ਚ ਇੱਕ ਹੈ ਕਿ ਹੁਣ 21 ਸਾਲ ਤੋਂ ਵਧ ਦੀ ਉਮਰ ਦੀਆਂ ਔਰਤਾਂ ਨੂੰ ਇਕੱਲੇ ਯਾਤਰਾ ਕਰਨ ਦੀ ਇਜਾਜ਼ਤ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904