ਇਸਲਾਮਾਬਾਦ: ਪਾਕਿਸਤਾਨ (Pakistan) ਦੇ ਇੱਕ ਸਕੂਲ ਵਿੱਚ ਵਾਸ਼ਰੂਮ ਅੰਦਰ ਲੁਕਾ ਕੇ ਲਗਾਏ ਕੈਮਰੇ (Hidden Camera) ਮਿਲਣ ਮਗਰੋਂ ਹਲਚੱਲ ਮਚੀ ਹੋਈ ਹੈ। ਸਕੂਲ ਦੀ ਇਸ ਹਰਕਤ ਦੇ ਸਾਹਮਣੇ ਆਉਣ ਤੋਂ ਬਾਅਦ ਸਿੰਧ ਸਿੱਖਿਆ ਵਿਭਾਗ ਨੇ ਪ੍ਰਾਈਵੇਟ ਸਕੂਲ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸਕੂਲ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਹੈ।



ਇਹ ਕੈਮਰੇ ਲੜਕੇ ਅਤੇ ਲੜਕੀਆਂ ਦੋਵਾਂ ਦੇ ਵਾਸ਼ਰੂਮਾਂ ਵਿੱਚ ਲੁਕਾਏ ਗਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਗੁਪਤ ਕੈਮਰੇ ਸਫੋਰਾ ਗੋਠ ਸਥਿਤ ਇੱਕ ਨਿੱਜੀ ਸਕੂਲ ਦੇ ਵਾਸ਼ਰੂਮ ਵਿੱਚੋਂ ਮਿਲੇ ਹਨ।

ਰਿਪੋਰਟ ਮੁਤਾਬਿਕ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸਕੂਲ ਪ੍ਰਬੰਧਨ ਨੂੰ ਕਾਰਨ ਦੱਸੋ ਨੋਟਿਸ (show cause notice) ਦੇ ਕੇ ਚਿਤਾਵਨੀ ਦਿੱਤੀ ਗਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਅਜੇ ਤੱਕ ਸਕੂਲ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ। ਸੀਲ ਕੀਤੇ ਜਾਣ ਦੇ ਬਾਵਜੂਦ ਸ਼ੁੱਕਰਵਾਰ ਨੂੰ ਸਕੂਲ ਖੁੱਲ੍ਹਾ ਰੱਖਿਆ ਗਿਆ।

ਦਰਅਸਲ, ਚੈਪਲ ਸਨ ਸਿਟੀ ਦੇ ਦਿ ਹੌਰਕਸ ਸਕੂਲ ਦੀ ਇੱਕ ਮਹਿਲਾ ਅਧਿਆਪਕ ਨੇ ਸਿੰਧ ਵਿੱਚ ਨਿਜੀ ਸੰਸਥਾਵਾਂ ਦੇ ਨਿਰੀਖਣ ਡਾਇਰੈਕਟੋਰੇਟ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸਬੰਧੀ ਕਮੇਟੀ ਨੇ ਵੀਰਵਾਰ ਨੂੰ ਸਕੂਲ ਦਾ ਦੌਰਾ ਕੀਤਾ ਸੀ।

ਛਾਣਬੀਣ ਦੌਰਾਨ ਸਕੂਲ ਦੇ ਵਾਸ਼ਰੂਮ ਵਿੱਚ ਦੋ ਗੁਪਤ ਕੈਮਰੇ ਮਿਲੇ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਕੈਮਰੇ ਵਾਸ਼ਰੂਮ 'ਚ ਇਸ ਤਰ੍ਹਾਂ ਲੁਕਾਏ ਗਏ ਸਨ ਕਿ ਵਿਦਿਆਰਥੀਆਂ ਅਤੇ ਸਟਾਫ ਦੀ ਹਰਕਤ ਨੂੰ ਦੇਖਿਆ ਜਾ ਸਕੇ। ਇਸ ਦੇ ਨਾਲ ਹੀ ਮੀਡੀਆ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਸਕੂਲ ਦੀਆਂ ਕੁਝ ਮਹਿਲਾ ਅਧਿਆਪਕਾਂ ਨੂੰ ਇਨ੍ਹਾਂ ਕੈਮਰਿਆਂ ਦੀ ਜਾਣਕਾਰੀ ਸੀ ਪਰ ਉਨ੍ਹਾਂ ਨੂੰ ਇਹ ਸਪੱਸ਼ਟ ਨਹੀਂ ਸੀ ਕਿ ਕੈਮਰੇ ਕਿੱਥੇ ਲਗਾਏ ਗਏ ਹਨ।

ਹਾਲਾਂਕਿ ਟੀਮ ਨੇ ਜਦੋਂ ਪਹਿਲੀ ਵਾਰ ਸਕੂਲ ਦਾ ਦੌਰਾ ਕੀਤਾ ਤਾਂ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਪਰ ਆਪਣੀ ਦੂਜੀ ਫੇਰੀ 'ਤੇ, ਉਨ੍ਹਾਂ ਨੂੰ ਕੰਧ 'ਤੇ ਇਕ ਚਾਦਰ ਮਿਲੀ। ਜਦੋਂ ਉਸ ਨੂੰ ਹਟਾਇਆ ਗਿਆ ਤਾਂ ਉਸ ਦੇ ਪਿੱਛੇ ਕੈਮਰੇ ਲੱਗੇ ਹੋਏ ਸੀ। ਇੱਕ ਹੋਰ ਵਾਸ਼ਰੂਮ ਵਿੱਚ ਵੀ ਇੱਕ ਕੈਮਰਾ ਮਿਲਿਆ ਹੈ।

ਇਸ ਦੇ ਨਾਲ ਹੀ ਮਾਪਿਆਂ ਤੇ ਅਧਿਆਪਕਾਂ ਵੱਲੋਂ ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਨੂੰ ਲੈ ਕੇ ਕਈ ਵਾਰ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ। ਇਸ ਸਬੰਧੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਸ਼ਰੂਮ ਵਿੱਚ ਕੈਮਰੇ ਲੱਗਣ ਦਾ ਇਹ ਪਹਿਲਾ ਮਾਮਲਾ ਹੈ।

ਕੈਮਰੇ ਵਿਦਿਆਰਥੀਆਂ ਅਤੇ ਸਟਾਫ 'ਤੇ ਨਜ਼ਰ ਰੱਖਣ ਲਈ ਲਗਾਏ ਜਾ ਸਕਦੇ ਹਨ। ਪਰ ਇਨ੍ਹਾਂ ਦੀ ਵਰਤੋਂ ਵਾਸ਼ਰੂਮ ਵਿੱਚ ਨਹੀਂ ਕੀਤੀ ਜਾ ਸਕਦੀ। ਇਸ ਪੂਰੇ ਮਾਮਲੇ 'ਤੇ ਸਿੰਧ ਦੇ ਸਿੱਖਿਆ ਮੰਤਰੀ ਸਈਅਦ ਸਰਦਾਰ ਅਲੀ ਸ਼ਾਹ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਨਾਂ 'ਤੇ ਅਜਿਹੇ ਕਦਮਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।