USA Deportation: ਪੰਜਾਬ ਸਰਕਾਰ ਤੇ ਹੋਰ ਸਿਆਸੀ ਪਾਰਟੀਆਂ ਦੇ ਵਿਰੋਧ ਦੇ ਬਾਵਜੂਦ ਗੈਰ-ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਲੈ ਕੇ ਆਉਣ ਵਾਲਾ ਅਮਰੀਕੀ ਜਹਾਜ਼ ਅੰਮ੍ਰਿਤਸਰ ਵਿੱਚ ਹੀ ਉੱਤਰੇਗਾ। ਬੇਸ਼ੱਕ ਇਸ ਜਹਾਜ਼ ਵਿੱਚ ਵੀ ਭਾਰਤ ਦੇ ਸਾਰੇ ਰਾਜਾਂ ਦੇ ਨਾਗਰਿਕ ਹੋਣਗੇ ਪਰ ਇਸ ਨੂੰ ਮੁੜ ਅੰਮ੍ਰਿਤਸਰ ਵਿੱਚ ਹੀ ਉਤਾਰਿਆ ਜਾ ਰਿਹਾ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਵਾਲ ਉਠਾਇਆ ਹੈ ਕਿ ਇਹ ਜਹਾਜ਼ ਦਿੱਲੀ ਜਾਂ ਫਿਰ ਗੁਜਰਾਤ ਵਿੱਚ ਕਿਉਂ ਨਹੀਂ ਉਤਾਰੇ ਜਾ ਰਹੇ। ਪੰਜਾਬ ਨਾਲੋਂ ਵੱਧ ਤਾਂ ਦੂਜੇ ਰਾਜਾਂ ਦੇ ਲੋਕ ਇਨ੍ਹਾਂ ਜਹਾਜ਼ਾਂ ਵਿੱਚ ਹੁੰਦੇ ਹਨ।
ਦੱਸ ਦਈਏ ਕਿ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਭਾਰਤੀਆਂ ਨਾਲ ਭਰਿਆ ਇੱਕ ਹੋਰ ਜਹਾਜ਼ ਸ਼ਨੀਵਾਰ ਨੂੰ ਅੰਮ੍ਰਿਤਸਰ 'ਚ ਉੱਤਰ ਰਿਹਾ ਹੈ। ਇਸ ਜਹਾਜ਼ ਵਿੱਚ ਕਿੰਨੇ ਯਾਤਰੀ ਹੋਣਗੇ ਤੇ ਇਹ ਕਦੋਂ ਉਤਰੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਜਹਾਜ਼ ਦੇ ਆਉਣ ਦੀ ਸੂਚਨਾ ਤੋਂ ਬਾਅਦ ਅੰਮ੍ਰਿਤਸਰ ਦੀਆਂ ਖੁਫੀਆ ਏਜੰਸੀਆਂ ਅਲਰਟ ਹੋ ਗਈਆਂ ਹਨ। ਪੰਜਾਬ ਪੁਲਿਸ ਦੇ ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਨੇ ਕਿਹਾ ਕਿ ਸੂਚਨਾ ਮਿਲੀ ਹੈ ਕਿ ਸ਼ਨੀਵਾਰ ਰਾਤ ਨੂੰ ਇੱਕ ਜਹਾਜ਼ ਅੰਮ੍ਰਿਤਸਰ ਵਿੱਚ ਉਤਰੇਗਾ।
5 ਫਰਵਰੀ ਨੂੰ 104 ਭਾਰਤੀਆਂ ਨੂੰ ਕੀਤਾ ਸੀ ਡਿਪੋਰਟ
ਇਸ ਤੋਂ ਪਹਿਲਾਂ 5 ਫਰਵਰੀ ਨੂੰ 104 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ। ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਵਿੱਚ ਦੇਸ਼ ਦੇ ਛੇ ਰਾਜਾਂ ਦੇ ਲੋਕ ਸ਼ਾਮਲ ਸਨ। ਇਨ੍ਹਾਂ ਵਿੱਚੋਂ ਹਰਿਆਣਾ ਦੇ 34, ਗੁਜਰਾਤ ਦੇ 33 ਤੇ ਪੰਜਾਬ ਦੇ 30 ਲੋਕਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ 3, ਉੱਤਰ ਪ੍ਰਦੇਸ਼ ਦੇ 2 ਤੇ ਚੰਡੀਗੜ੍ਹ ਦੇ 2 ਲੋਕ ਸ਼ਾਮਲ ਸਨ। ਸਵਾਲ ਉੱਠੇ ਸੀ ਕਿ ਹਰਿਆਣਾ ਤੇ ਗੁਜਰਾਤ ਦੇ ਵੱਧ ਨਾਗਰਿਕ ਹੋਣ ਦੇ ਬਾਵਜੂਦ ਜਹਾਜ਼ ਪੰਜਾਬ ਹੀ ਕਿਉਂ ਉਤਾਰਿਆ ਗਿਆ। ਸਿਆਸੀ ਧਿਰਾਂ ਨੇ ਪੰਜਾਬ ਨੂੰ ਬਦਨਾਮ ਕਰਨ ਦਾ ਸਾਜਿਸ਼ ਕਿਹਾ ਸੀ।
ਦੱਸ ਦਈਏ ਕਿ ਉਨ੍ਹਾਂ ਸਾਰੇ ਲੋਕਾਂ ਨੂੰ ਹੁਣ ਅਮਰੀਕਾ ਤੋਂ ਵਾਪਸ ਭੇਜਿਆ ਜਾ ਰਿਹਾ ਹੈ ਜੋ ਏਜੰਟਾਂ ਰਾਹੀਂ ਡੌਂਕੀ ਲਾ ਕੇ ਅਮਰੀਕਾ ਪਹੁੰਚੇ ਸੀ। ਇਸ ਤਰ੍ਹਾਂ ਏਜੰਟ ਪ੍ਰਤੀ ਵਿਅਕਤੀ 35 ਤੋਂ 40 ਲੱਖ ਰੁਪਏ ਵਸੂਲਦੇ ਸਨ। ਇਨ੍ਹਾਂ ਸਾਰੇ ਲੋਕਾਂ ਨੂੰ ਮੈਕਸੀਕੋ, ਪਨਾਮਾ ਆਦਿ ਦੇ ਜੰਗਲਾਂ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਲਈ ਮਜਬੂਰ ਕੀਤਾ ਗਿਆ ਸੀ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਅਮਰੀਕਾ ਵੀ ਨਹੀਂ ਪਹੁੰਚ ਸਕੇ ਤੇ ਜੰਗਲਾਂ ਵਿੱਚ ਭੁੱਖ-ਪਿਆਸ ਨਾਲ ਮਰ ਗਏ।