ਨਵੀਂ ਦਿੱਲੀ: ਅਮਰੀਕੀ ਸੰਸਦ 'ਚ ਰਾਸ਼ਟਰਪਤੀ ਟਰੰਪ ਦੇ ਸਮਰਥਕਾਂ ਵੱਲੋਂ ਕੀਤੀ ਹਿੰਸਾ ਦੇ ਬਹਾਨੇ ਸ਼ਿਵਸੇਨਾ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਸ਼ਿਵਸੇਨਾ ਦੇ ਮੁੱਖ ਪੱਤਰ ਸਾਮਨਾ 'ਚ ਰਾਸ਼ਟਰਪਤੀ ਟਰੰਪ ਤੇ ਮੋਦੀ ਸਰਕਾਰ ਦੇ ਵਤੀਰੇ ਨੂੰ ਲੈਕੇ ਤਨਜ ਕੱਸਿਆ ਗਿਆ ਹੈ। ਸਾਮਨਾ 'ਚ ਛਪੀ ਸੰਪਾਦਕੀ 'ਚ ਟਰੰਪ ਨੂੰ ਗੁਜਰਾਤ ਲੈ ਜਾਣ ਤਾਂ ਗੁਜਰਾਤੀ ਤੇ ਸਰਦਾਰ ਪਟੇਲ ਦਾ ਅਪਮਾਨ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਟਰੰਪ ਦੇ ਨਾਲ ਚੀਨ ਦੇ ਰਾਸ਼ਟਰਪਤੀ ਨੂੰ ਵੀ ਗੁਜਰਾਤ ਲਿਜਾਣ ਦੀ ਗੱਲ ਯਾਦ ਦਿਵਾਉਂਦਿਆਂ ਲੱਦਾਖ 'ਚ ਚੀਨੀ ਫੌਜ ਦੇ ਹਮਲੇ ਨੂੰ ਲੈਕੇ ਮੋਦੀ ਸਰਕਾਰ 'ਤੇ ਵਿਅੰਗ ਕੀਤਾ ਗਿਆ ਹੈ।


ਸਾਮਨਾ 'ਚ ਪ੍ਰਧਾਨ ਮੰਤਰੀ ਮੋਦੀ ਤੇ ਤਨਜ ਕੱਸਦਿਆਂ ਲਿਖਿਆ, 'ਅਮਰੀਕੀ ਸੰਸਦ 'ਚ ਜੋ ਹਿੰਸਾ ਹੋਈ ਉਸ ਨੂੰ ਲੈਕੇ ਸਾਡੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਹੁਤ ਦੁੱਖ ਵਿਅਕਤ ਕੀਤਾ ਹੈ। ਮੋਦੀ ਕਹਿੰਦੇ ਹਨ ਵਾਸ਼ਿੰਗਟਨ 'ਚ ਦੰਗੇ ਤੇ ਹਿੰਸਾ ਦੀਆਂ ਖਬਰਾਂ ਨੂੰ ਦੇਖਕੇ ਮੈਂ ਬੇਚੈਨ ਹੋ ਗਿਆ ਹਾਂ। ਸੱਤਾ ਦੀ ਸਹਿਜਤਾ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਬਦਲਾਅ ਹੋਣਾ ਜ਼ਰੂਰੀ ਹੈ। ਲੋਕਤੰਤਰ ਦੀ ਪ੍ਰਕਿਰਿਆ ਨੂੰ ਵਿਕਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸਾਡੇ ਪ੍ਰਧਾਨ ਮੰਤਰੀ ਦੀ ਪੀੜਾ ਨੂੰ ਸਮਝਣਾ ਚਾਹੀਦਾ ਹੈ ਪਰ ਕੱਲ੍ਹ ਤਕ ਇਸੇ ਟਰੰਪ ਨਾਲ ਦੁਨੀਆਂ ਦੇ ਲੀਡਰ ਘੁੰਮ ਰਹੇ ਸਨ।'


ਸਾਮਨਾ 'ਚ ਟਰੰਪ 'ਤੇ ਹਮਲੇ ਦੇ ਬਹਾਨੇ ਲਿਖਿਆ, 'ਇਸੇ ਟਰੰਪ ਦੀ ਹਾਜ਼ਰੀ 'ਚ 'ਹਾਊ ਡੂ ਮੋਦੀ' ਜਿਹੇ ਸਮਾਰੋਹ ਅਮਰੀਕਾ 'ਚ ਸੰਪੰਨ ਹੋਏ। ਇਹ ਘੱਟ ਪੈ ਗਿਆ ਇਸ ਲਈ ਸਾਡੇ ਅਹਿਮਦਾਬਾਦ 'ਚ 50 ਲੱਖ ਲੋਕਾਂ ਨੂੰ ਇਕੱਠੇ ਕਰਕੇ 'ਨਮਸਤੇ ਟਰੰਪ' ਪ੍ਰੋਗਰਾਮ ਦਾ ਆਯੋਜਨ ਕਰਕੇ ਸਲਾਮੀ ਦਿੱਤੀ ਗਈ। ਟਰੰਪ ਦਾ ਵਤੀਰਾ ਕਦੇ ਸੰਸਕ੍ਰਿਤਕ ਮਨੁੱਖ ਜਿਹਾ ਨਹੀਂ ਰਿਹਾ, ਉਨ੍ਹਾਂ ਦਾ ਜਨਤਕ ਵਿਵਹਾਰ ਵੀ ਲੋਕਾਂ ਨੂੰ ਪਸੰਦ ਨਹੀਂ ਸੀ।'


ਅਜਿਹੇ ਇਨਸਾਨ ਲਈ ਮੋਦੀ ਸਰਕਾਰ ਨੇ ਅਹਿਮਦਾਬਾਦ 'ਚ ਲਾਲ ਕਾਲੀਨ ਵਿਛਾ ਦਿੱਤਾ ਸੀ। ਇਹ ਗੁਜਰਾਤੀ ਭਾਈਚਾਰੇ, ਗਾਂਧੀ ਤੇ ਸਰਦਾਰ ਪਟੇਲ ਦਾ ਅਪਮਾਨ ਹੈ। ਚੰਗਾ ਹੋਇਆ ਕਿ ਉਸ ਦਲਭਦਰੀ ਟਰੰਪ ਦੇ ਪੈਰ ਸਾਡੇ ਸ਼ਿਵਰਾਏ ਦੇ ਮਹਾਰਾਸ਼ਟਰ 'ਚ ਨਹੀਂ ਪਏ।


ਟਰੰਪ ਦੇ ਨਾਲ-ਨਾਲ ਚੀਨੀ ਰਾਸ਼ਟਰਪਤੀ ਦੇ ਮੁੱਦੇ 'ਤੇ ਸਾਮਨਾ 'ਚ ਸ਼ਿਵਸੇਨਾ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ। ਸੰਪਾਦਕੀ 'ਚ ਲਿਖਿਆ, 'ਚੀਨ ਦੇ ਰਾਸ਼ਟਰੀ ਮੁਖੀ ਸ਼ੀ ਜਿਨਪਿੰਗ ਨੂੰ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਲੈ ਗਏ। ਉਸ ਨੇ ਲੱਦਾਖ 'ਚ ਆਪਣੀ ਫੌਜ ਵਾੜ ਦਿੱਤੀ।' ਕਮਜ਼ੋਰ ਵਿਦੇਸ਼ ਨੀਤੀ ਦੀ ਗੱਲ ਕਰਦਿਆਂ ਸਾਮਨਾ 'ਚ ਲਿਖਿਆ, 'ਟਰੰਪ ਨੂੰ ਅਹਿਮਦਾਬਾਦ ਲੈ ਗਏ, ਉਹ ਆਉਂਦੇ ਸਮੇਂ ਕੋਰੋਨਾ ਲੈ ਆਏ ਤੇ ਹੁਣ ਲੋਕਤੰਤਰ ਦੀ ਸਿੱਧੀ ਹੱਤਿਆ ਕਰ ਦਿੱਤੀ। ਸਾਡੀ ਵਿਦੇਸ਼ ਨੀਤੀ ਪਤਿਤ ਹੋ ਰਹੀ ਹੈ। ਭੂਲ-ਭੁਲੱਈਆ 'ਚ ਪੈਕੇ ਆਪਣਾ ਨੁਕਸਾਨ ਕਰ ਰਹੀ ਹੈ, ਇਸ ਦੀ ਵੱਡੀ ਕੀਮਤ ਚੁਕਾਉਣੀ ਪੈ ਰਹੀ ਹੈ।'


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ