ਮਨੀਲਾ : ਫਿਲੀਪੀਨ 'ਚ ਡਰੱਗਜ਼ ਦੇ ਧੰਦੇ ਨਾਲ ਸਬੰਧ ਰੱਖਣ ਵਾਲੇ ਇੱਕ ਮੇਅਰ ਨੂੰ ਪੁਲਿਸ ਨੇ ਜੇਲ੍ਹ ਵਿੱਚ ਗੋਲੀ ਮਾਰ ਦਿੱਤੀ। ਪੁਲਿਸ ਦਾ ਕਹਿਣਾ ਸੀ ਕਿ ਅਲਬੇਯੁਰਾ ਦੇ ਮੇਅਰ ਰੋਨਾਲਡੋ ਐਸਪੀਨੋਸਾ ਨੇ ਜੇਲ੍ਹ ਵਿੱਚ ਆਪਣੀ ਕੋਠੜੀ ਵਿੱਚ ਬੰਦੂਕ ਰੱਖੀ ਹੋਈ ਸੀ ਅਤੇ ਜਦੋਂ ਪੁਲਿਸ ਉਸ ਦੀ ਤਲਾਸ਼ੀ ਲੈ ਰਹੀ ਸੀ ਤਾਂ ਉਸ ਨੇ ਗੋਲੀ ਚਲਾ ਦਿੱਤੀ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਰੋਨਾਲਡੋ ਮਾਰਿਆ ਗਿਆ।

ਯਾਦ ਰਹੇ ਕਿ ਫਿਲੀਪੀਨ ਦੇ ਰਾਸ਼ਟਰਪਤੀ ਰੋਡਰਿਗੋ ਦੁਤਰੱਤੇ ਨੇ ਐਲਾਨ ਕੀਤਾ ਹੋਇਆ ਹੈ ਕਿ ਉਹ ਦੇਸ਼ ਵਿੱਚ ਡਰੱਗਜ਼ ਨੂੰ ਬਿਲਕੁਲ ਖ਼ਤਮ ਕਰ ਦੇਣਗੇ। ਇਸੀ ਸਬੰਧ ਵਿੱਚ ਡਰੱਗਜ਼ ਨਾਲ ਫੜੇ ਜਾਣ ਵਾਲੇ ਅਪਰਾਧੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ।

ਨਵੇਂ ਰਾਸ਼ਟਰਪਤੀ ਦੀ ਡਰੱਗਜ਼ ਵਿਰੁੱਧ ਲੜਾਈ ਨੂੰ ਦੇਸ਼ 'ਚ ਸਮਰਥਨ ਹਾਸਲ ਹੈ ਪਰ ਇਸ ਦੌਰਾਨ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਕੌਮਾਂਤਰੀ ਪੱਧਰ 'ਤੇ ਇਸ ਦੀ ਕਾਫ਼ੀ ਨਿਖੇਧੀ ਹੋ ਰਹੀ ਹੈ। ਦੂਜੇ ਪਾਸੇ ਦੇਸ਼ ਵਿੱਚ ਕੁੱਝ ਲੋਕਾਂ ਨੇ ਮੇਅਰ ਦੀ ਮੌਤ ਦੀ ਜਾਂਚ ਦੀ ਮੰਗ ਕੀਤੀ ਹੈ। ਪਿਛਲੇ ਦੋ ਹਫ਼ਤਿਆਂ 'ਚ ਮਾਰੇ ਜਾਣ ਵਾਲੇ ਉਹ ਦੂਜੇ ਮੇਅਰ ਹਨ।