ਅਮਰੀਕਾ 'ਚ ਇੱਕ ਵਾਰ ਫਿਰ ਭੀੜਭਾੜ ਵਾਲੇ ਇਲਾਕੇ 'ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। CNN ਦੀ ਰਿਪੋਰਟ ਮੁਤਾਬਕ, ਨਿਊਯਾਰਕ ਦੇ ਸੈਂਟਰਲ ਮੈਨਹੈਟਨ 'ਚ ਸੋਮਵਾਰ (28 ਜੁਲਾਈ) ਨੂੰ ਇੱਕ ਵਿਅਕਤੀ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ 'ਚ 4 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਇੱਕ ਪੁਲਿਸ ਅਧਿਕਾਰੀ ਦੀ ਵੀ ਜਾਨ ਚਲੀ ਗਈ। ਅਹਿਮ ਗੱਲ ਇਹ ਵੀ ਹੈ ਕਿ ਹਮਲਾ ਕਰਨ ਵਾਲਾ ਵਿਅਕਤੀ ਵੀ ਮਾਰਿਆ ਗਿਆ। ਪੁਲਿਸ ਅਨੁਸਾਰ ਉਸਦੀ ਮੌਤ ਖੁਦ ਨੂੰ ਗੋਲੀ ਮਾਰਨ ਕਰਕੇ ਹੋਈ ਹੈ।
ਪੁਲਿਸ ਦੇ ਅਨੁਸਾਰ, 27 ਸਾਲਾ ਸ਼ੇਨ ਤਾਮੁਰਾ ਨਾਂ ਦਾ ਵਿਅਕਤੀ ਸ਼ਾਮ ਕਰੀਬ 6:30 ਵਜੇ ਹਥਿਆਰ ਲੈ ਕੇ ਇੱਕ 44 ਮੰਜ਼ਿਲਾ ਇਮਾਰਤ 'ਚ ਦਾਖ਼ਲ ਹੋਇਆ। ਇਮਾਰਤ ਵਿੱਚ ਘੁੱਸਦੇ ਹੀ ਉਸਨੇ ਤਾੜਤਾੜ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀ, ਜਿਸ 'ਚ 4 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸਨੇ ਖੁਦ ਨੂੰ ਵੀ ਗੋਲੀ ਮਾਰ ਲਈ ਅਤੇ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ। ਸ਼ੇਨ ਤਾਮੁਰਾ ਲਾਸ ਵੇਗਾਸ ਦਾ ਰਹਿਣ ਵਾਲਾ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਹਮਲਾਵਰ ਕੋਲ ਹਥਿਆਰ ਰੱਖਣ ਦਾ ਲਾਇਸੈਂਸ ਵੀ ਸੀ।
ਨਿਊਯਾਰਕ ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਪਾਰਕ ਐਵਿਨਿਊ 'ਤੇ ਸਥਿਤ ਇਸ ਇਮਾਰਤ ਤੋਂ ਫੋਨ ਆਇਆ ਸੀ ਕਿ ਕਿਸੇ ਵਿਅਕਤੀ ਨੂੰ ਗੋਲੀ ਲੱਗੀ ਹੈ। ਜਾਣਕਾਰੀ ਮਿਲਦਿਆਂ ਹੀ ਪੁਲਿਸ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਸਥਿਤੀ 'ਤੇ ਕਾਬੂ ਪਾ ਲਿਆ।
ਇਸ ਸਾਲ ਅਮਰੀਕਾ 'ਚ ਹੁਣ ਤੱਕ ਹੋ ਚੁੱਕੀਆਂ ਹਨ 254 ਗੋਲੀਬਾਰੀ ਦੀਆਂ ਘਟਨਾਵਾਂ
ਗਨ ਵਾਇਲੈਂਸ ਆਰਕਾਈਵ ਦੇ ਅੰਕੜਿਆਂ ਅਨੁਸਾਰ, ਮਿਡਟਾਊਨ ਮੈਨਹੈਟਨ ਦੀ ਇਮਾਰਤ ਵਿੱਚ ਹੋਈ ਇਹ ਘਾਤਕ ਗੋਲੀਬਾਰੀ ਇਸ ਸਾਲ ਅਮਰੀਕਾ ਵਿੱਚ ਹੋਈ 254ਵੀਂ ਗੋਲੀਬਾਰੀ ਦੀ ਘਟਨਾ ਹੈ, ਜਿੱਥੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਨਿਊਯਾਰਕ ਸ਼ਹਿਰ ਦੇ ਮੇਅਰ ਨੇ ਲੋਕਾਂ ਨੂੰ ਕੀ ਅਪੀਲ ਕੀਤੀ ਸੀ?
ਨਿਊਯਾਰਕ ਸ਼ਹਿਰ ਦੇ ਮੇਅਰ ਐਰਿਕ ਐਡਮਜ਼ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਸੰਦੇਸ਼ ਦਿੰਦਿਆਂ ਕਿਹਾ, ''ਨਿਊਯਾਰਕ ਵਾਸਿਓ, ਮਿਡਟਾਊਨ 'ਚ ਐਕਟਿਵ ਸ਼ੂਟਰ ਨੂੰ ਲੈ ਕੇ ਜਾਂਚ ਚੱਲ ਰਹੀ ਹੈ। ਕਿਰਪਾ ਕਰਕੇ ਸਾਵਧਾਨੀ ਵਰਤੋਂ ਅਤੇ ਜੇਕਰ ਤੁਸੀਂ ਇਸ ਇਲਾਕੇ 'ਚ ਹੋ ਤਾਂ ਬਾਹਰ ਨਾ ਨਿਕਲੋ।'' ਹਾਲਾਂਕਿ ਹੁਣ ਹਮਲਾਵਰ ਦੀ ਮੌਤ ਹੋ ਚੁੱਕੀ ਹੈ। ਪੁਲਿਸ ਕ੍ਰਾਈਮ ਸੀਨ ਦੀ ਜਾਂਚ ਕਰ ਰਹੀ ਹੈ ਅਤੇ ਹਾਲਾਤ ਹੁਣ ਕੰਟਰੋਲ 'ਚ ਹਨ।