ਸਾਂ ਫਰਾਂਸਿਸਕੋ : ਅਮਰੀਕਾ ਵਿੱਚ ਸਿੱਖ ਬਜ਼ੁਰਗ ਅਮਰੀਕ ਸਿੰਘ ਬੱਲ ਉੱਪਰ ਨਸਲੀ ਹਮਲਾ ਕਰਨ ਦੇ ਮਾਮਲੇ ਵਿੱਚ ਜਿਊਰੀ ਨੇ 23 ਸਾਲਾ ਨੌਜਵਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸਤਗਾਸਾ ਵਕੀਲ ਟਿਮੋਥੀ ਡੋਨੋਵਾਨ ਨੇ ਕਿਹਾ ਕਿ ਬੀਤੇ ਸਾਲ ਦਸੰਬਰ ਵਿੱਚ ਡੈਨੀਅਲ ਕੋਰੋਨੇਲ ਵਿਲਸਨ ਨੇ ਕੈਲੇਫੋਰਨੀਆ ਦੇ ਫਰੈਜ਼ਨੋ ਇਲਾਕੇ ਵਿੱਚ ਸਿੱਖ ਹੋਣ ਕਾਰਨ ਬੱਲ ਨੂੰ ਅਤਿਵਾਦੀ ਸਮਝ ਕੇ ਉਸ ਉੱਤੇ ਹਮਲਾ ਕਰ ਦਿੱਤਾ ਸੀ।
ਇਸ ਦੌਰਾਨ ਵਿਲਸਨ ਨੇ ਸਿੱਖ ਬਜ਼ੁਰਗ ਦੇ ਚਿਹਰੇ ’ਤੇ ਕਈ ਘਸੁੰਨ ਮਾਰੇ ਤੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਜਿਊਰੀ ਨੇ ਕਿਹਾ ਕਿ ਇਹ ਨਫ਼ਰਤ ਹਮਲਾ ਸੀ। ਹਮਲਾਵਰ ਨੂੰ ਦੋਸ਼ੀ ਕਰਾਰ ਦੇਣ ਤੋਂ ਪਹਿਲਾਂ ਕਈ ਗਵਾਹੀਆਂ ਲਈਆਂ ਗਈਆਂ ਸਨ। ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਐਲੇਕਸ ਮੈਂਡੋਜ਼ ਵੀ ਸੀ ਪਰ ਉਸ ਨੇ ਇਸ ਸਾਲ ਅਪ੍ਰੈਲ ਵਿੱਚ ਖ਼ੁਦਕੁਸ਼ੀ ਕਰ ਲਈ ਸੀ।
ਦੋਸ਼ੀ ਦੇ ਵਕੀਲ ਨੇ ਜੱਜ ਜੋਨਾਥਨ ਕੋਨਕਿਨ ਨੂੰ ਅਪੀਲ ਕੀਤੀ ਕਿ ਉਸ ਦੇ ਮੁਵਕਿਲ ਨੂੰ ਜ਼ਮਾਨਤ ਦਿੱਤੀ ਜਾਵੇ ਪਰ ਜੱਜ ਨੇ ਇਸ ਅਪੀਲ ਨੂੰ ਨਾਮਨਜ਼ੂਰ ਕਰ ਦਿੱਤਾ ਤੇ ਕਿਹਾ ਵਿਲਸਨ ਨੂੰ ਸਜ਼ਾ ਦਾ ਐਲਾਨ 2 ਦਸੰਬਰ ਨੂੰ ਹੋਵੇਗਾ ਤੇ ਉਦੋਂ ਤੱਕ ਉਹ ਜੇਲ੍ਹ ਵਿੱਚ ਹੀ ਰਹੇਗਾ ਤੇ ਉਸ ਨੂੰ ਜ਼ਮਾਨਤ ਵੀ ਨਹੀਂ ਦਿੱਤੀ ਜਾਵੇਗੀ। ਦੋਸ਼ੀ ਨੂੰ ਕਰੀਬ ਅੱਠ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।