ਬ੍ਰਿਸਬੇਨ: ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ ਇੱਕ ਪੰਜਾਬੀ ਨੌਜਵਾਨ ਨੂੰ ਅੱਗ ਲਾ ਕੇ ਜਿੰਦਾ ਸਾੜ ਦਿੱਤਾ ਗਿਆ। ਮ੍ਰਿਤਕ ਦਾ ਨਾਮ ਮਨਮੀਤ ਅਲੀਸ਼ੇਰ ਸੀ ਤੇ ਉਹ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਅਲ਼ੀਸ਼ੇਰ ਦਾ ਰਹਿਣ ਵਾਲਾ ਸੀ। ਮਨਮੀਤ ਅਲੀਸ਼ੇਰ ਬ੍ਰਿਸਬੇਨ ਵਿੱਚ ਬੱਸ ਡਰਾਈਵਰ ਸੀ। ਮਿਲੀ ਜਾਣਕਾਰੀ ਅਨੁਸਾਰ ਮਨਮੀਤ ਬੱਸ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਬੱਸ ਵਿੱਚ ਸਵਾਰ ਇੱਕ ਵਿਅਕਤੀ ਉੱਠਿਆ ਤੇ ਉਸ ਨੇ ਮਨਮੀਤ ਉੱਤੇ ਕੋਈ ਜਲਨਸ਼ੀਲ ਪਦਾਰਥ ਪਾ ਦਿੱਤਾ। ਇਸ ਕਾਰਨ ਉਸ ਨੂੰ ਅੱਗ ਲੱਗ ਗਈ ਤੇ ਮੌਕੇ ਉੱਤੇ ਹੀ ਉਸ ਦੀ ਮੌਤ ਹੋ ਗਈ।
ਘਟਨਾ ਸਮੇਂ ਬੱਸ ਵਿੱਚ ਛੇ ਸਵਾਰੀਆਂ ਸਨ ਜਿਨ੍ਹਾਂ ਨੇ ਬਹੁਤ ਹੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਇੱਕ ਟੈਕਸੀ ਡਰਾਈਵਰ ਨੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਬੱਸ ਵਿੱਚ ਦਾਖਲ ਹੋ ਕੇ ਸਵਾਰੀਆਂ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ। ਪੁਲਿਸ ਨੇ ਘਟਨਾ ਨੂੰ ਅੰਜ਼ਾਮ ਦੇਣ ਵਾਲੇ 48 ਸਾਲ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਮਨਮੀਤ ਬ੍ਰਿਸਬੇਨ ਵਿੱਚ ਗਾਇਕ ਵਜੋਂ ਵੀ ਵਿਚਰ ਰਿਹਾ ਸੀ।
ਉਸ ਦੇ ਫੇਸਬੁੱਕ ਪੇਜ ਤੋਂ ਪਤਾ ਲੱਸਦਾ ਹੈ ਕਿ ਇੱਥੋਂ ਦੇ ਪੰਜਾਬੀ ਭਾਈਚਾਰੇ ਦੇ ਪ੍ਰੋਗਰਾਮਾਂ ਵਿੱਚ ਉਹ ਅਕਸਰ ਹਿੱਸਾ ਲੈਂਦਾ ਸੀ। ਪੁਲਿਸ ਇਸ ਘਟਨਾ ਨੂੰ ਦਹਿਸ਼ਤਗਰਦ ਘਟਨਾ ਨਾਲ ਜੋੜ ਕੇ ਨਹੀਂ ਦੇਖ ਰਹੀ। ਦੂਜੇ ਪਾਸੇ ਘਟਨਾ ਦੀ ਖ਼ਬਰ ਮਿਲਦਿਆਂ ਹੀ ਮਨਮੀਤ ਦੇ ਸੰਗਰੂਰ ਵਿੱਚ ਉਸ ਦੇ ਘਰ ਵਾਲੇ ਸਦਮੇ ਵਿੱਚ ਹਨ।
ਮਨਮੀਤ ਕਰੀਬ ਅੱਠ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਸੰਗਰੂਰ ਤੋਂ ਆਸਟ੍ਰੇਲੀਆ ਗਿਆ ਸੀ। ਆਸਟ੍ਰੇਲੀਆ ਦਾ ਪੱਕਾ ਨਾਗਰਿਕ ਮਨਮੀਤ ਬ੍ਰਿਸਬੇਨ ਦੀ ਸਰਕਾਰੀ ਬੱਸ ਸਰਵਿਸ ਵਿੱਚ ਬਤੌਰ ਡਰਾਈਵਰ ਕੰਮ ਰਿਹਾ ਸੀ। ਮਨਮੀਤ ਦੀ ਮੰਗਣੀ ਕੁਝ ਸਮਾਂ ਪਹਿਲਾਂ ਹੀ ਹੋਈ ਸੀ ਤੇ ਅਗਲੇ ਸਾਲ ਫਰਵਰੀ ਮਹੀਨੇ ਉਸ ਦਾ ਵਿਆਹ ਸੀ