ਨਵੀਂ ਦਿੱਲੀ : ਭਾਰਤ ਦੌਰੇ ਉੱਤੇ ਆਏ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੌਹਨ ਕੀ ਅਤੇ ਉਨ੍ਹਾਂ ਦੀ ਪਤਨੀ ਬਰੋਨਾਗ ਕੀ ਨੇ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਵਿੱਚ ਪਹੁੰਚ ਕੇ ਮੱਥਾ ਟੇਕਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਪਹਿਲਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਫਿਰ ਲੰਗਰ ਹਾਲ ਵਿੱਚ ਜਾ ਕੇ ਸੇਵਾ ਵੀ ਕੀਤੀ।

ਇਸ ਤੋਂ ਬਾਅਦ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੂੰ ਸਿਰੋਪਾ ਦੇ ਸਮਨਾਮਿਤ ਵੀ ਕੀਤਾ। ਚਾਰ ਦਿਨੀਂ ਭਾਰਤ ਦੌਰੇ ਦੇ ਅੰਤਿਮ ਦਿਨ ਉਹ ਪਹਿਲਾਂ ਜਾਮਾ ਮਸਜਿਦ ਗਏ ਅਤੇ ਉੱਥੇ ਕਰੀਬ 15 ਮਿੰਟ ਗੁਜ਼ਾਰੇ। ਦੇਸ਼ ਦੀ ਸਭ ਤੋਂ ਵੱਡੀ ਮਸਜਿਦ ’ਚ ਉਨ੍ਹਾਂ ਸਿੱਜਦਾ ਕਰਨ ਦੇ ਨਾਲ ਨਾਲ ਉੱਥੋਂ ਦੇ ਇਤਿਹਾਸ ਦੀ ਜਾਣਕਾਰੀ ਵੀ ਲਈ।

ਅਧਿਕਾਰੀਆਂ ਨੇ ਦੱਸਿਆ ਕਿ ਮਸਜਿਦ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਸ਼ਾਲ ਦੇ ਕੇ ਸਨਮਾਨਿਆ। ਇਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।