ਮਹਿਤਾਬ-ਉਦ-ਦੀਨ


ਸਿਡਨੀ: ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ’ਚ ਸਿੱਖ ਧਰਮ ਦੇ ‘ਪੰਜ ਕਕਾਰਾਂ’ ਵਿੱਚੋਂ ਇੱਕ ‘ਕ੍ਰਿਪਾਨ’ ਸਕੂਲਾਂ ’ਚ ਲਿਜਾਣ ਉੱਤੇ ਲਾਈ ਪਾਬੰਦੀ ਨੂੰ ਲੈ ਕੇ ਸਥਾਨਕ ਸਿੱਖ ਸੰਗਤ ਸਰਗਰਮ ਹੋ ਗਈ ਹੈ। ਮੋਹਤਬਰ ਸਿੱਖ ਆਗੂਆਂ ਨੇ ਸਿੱਖਿਆ ਮੰਤਰੀ ਸਾਰਾਹ ਮਿੱਚੇਲ ਨਾਲ ਇਸ ਮੁੱਦੇ ਨੂੰ ਲੈ ਕੇ ‘ਜ਼ੂਮ’ ਉੱਤੇ ਆੱਨਲਾਈਨ ਮੀਟਿੰਗ ਕੀਤੀ ਤੇ ਇਸ ਮਸਲੇ ਦਾ ਹੱਲ ਵੀ ਸੁਝਾਇਆ।


ਦੱਸ ਦੇਈਏ ਕਿ ‘ਸ੍ਰੀ ਸਾਹਿਬ’ ਭਾਵ ਕ੍ਰਿਪਾਨ ਉੱਤੇ ਨਿਊ ਸਾਊਥ ਵੇਲਜ਼ ਦੇ ਸਕੂਲਾਂ ’ਚ ਇਸੇ ਹਫ਼ਤੇ ਪਾਬੰਦੀ ਲਾਈ ਗਈ ਸੀ, ਜਦੋਂ ਗਲੇਨਵੁੱਡ ਹਾਈ ਵਿਖੇ 14 ਸਾਲਾਂ ਦੇ ਇੱਕ ਲੜਕੇ ਨੇ ਕਥਿਤ ਤੌਰ ਉੱਤੇ ਕ੍ਰਿਪਾਨ ਨਾਲ 16 ਸਾਲਾਂ ਦੇ ਇੱਕ ਹੋਰ ਲੜਕੇ ਨੂੰ ਜ਼ਖ਼ਮੀ ਕਰ ਦਿੱਤਾ ਸੀ। ਆਸਟ੍ਰੇਲੀਆ ਦੇ ‘ਏਬੀਸੀ ਨਿਊਜ਼’ ਵੱਲੋਂ ਪ੍ਰਕਾਸ਼ਿਤ ਖ਼ਬਰ ਅਨੁਸਾਰ ਸਿੱਖ ਆਗੂਆਂ ਤੇ ਸਿੱਖਿਆ ਮੰਤਰੀ ਵਿਚਾਲੇ ਗੱਲਬਾਤ ਬਹੁਤ ਵਧੀਆ ਰਹੀ। ਉਹ ਸਭ ਮਿਲ ਕੇ ਕੰਮ ਕਰਨ ਤੇ ਇਸ ਮਸਲੇ ਦਾ ਕੋਈ ਵਾਜਬ ਹੱਲ ਲੱਭਣ ਲਈ ਵੀ ਸਹਿਮਤ ਸਨ।


ਮੰਤਰੀ ਨਾਲ ‘ਜ਼ੂਮ’ ਮੀਟਿੰਗ ਵਿੱਚ ਭਾਗ ਲੈਣ ਵਾਲੇ ਪ੍ਰਵਾਸੀ ਭਾਰਤੀਆਂ ਦੀ ਇੱਕ ਐਸੋਸੀਏਸ਼ਨ ਦੇ ਆਗੂ ਗੁਰਨਾਮ ਸਿੰਘ ਨੇ ਆਖਿਆ ਕਿ ਮੰਤਰੀ ਨੂੰ ਇਸ ਮੁੱਦੇ ਉੱਤੇ ਕਿਸੇ ਸਮਝੌਤੇ ਉੱਤੇ ਅੱਪੜਨ ਦੀ ਬੇਨਤੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਿੱਖ ਵਫ਼ਦ ਨੇ ਇਹ ਸੁਝਾਅ ਦਿੱਤਾ ਕਿ ਸਕੂਲਾਂ ਵਿੱਚ ਕ੍ਰਿਪਾਨ ਧਾਰਨ ਕਰਨ ਦੀ ਇਜਾਜ਼ਤ ਦੋਬਾਰਾ ਦਿੱਤੀ ਜਾਵੇ ਤੇ ਨਾਲ ਇਹ ਸ਼ਰਤ ਰੱਖੀ ਜਾਵੇ ਕਿ ਕ੍ਰਿਪਾਨ ਇੱਕ ਕਿਸੇ ਵਿੱਚ ਲੌਕਡ ਅਵਸਥਾ ਵਿੱਚ ਰਹੇਗੀ।


ਉਨ੍ਹਾਂ ਕਿਹਾ ਕਿ ਇਹ ਭਾਵੇਂ ਵੱਖਰੀ ਕਿਸਮ ਦਾ ਵਿਚਾਰ ਹੋ ਸਕਦਾ ਹੈ। ਹਰ ਮਸਲੇ ਦਾ ਕੋਈ ਨਾ ਕੋਈ ਹੱਲ ਹੁੰਦਾ ਹੈ ਕਿਉਂਕਿ ਆਸਟ੍ਰੇਲੀਆ ਇੱਕ ਬਹੁ ਸਭਿਆਚਾਰਕ ਦੇਸ਼ ਹੈ ਤੇ ਇੱਥੋਂ ਦੀ ਸਰਕਾਰ ਹਰ ਸਭਿਆਚਾਰ ਤੇ ਧਰਮ ਨਾਲ ਇੱਕਸਮਾਨ ਵਤੀਰਾ ਰੱਖਦੀ ਹੈ। ਦੱਸ ਦੇਈਏ ਕਿ ਨਿਊ ਸਾਊਥ ਵੇਲਜ਼ ਸੂਬੇ ਦੇ ਸਕੂਲਾਂ ’ਚ ਕ੍ਰਿਪਾਨ ਉੱਤੇ ਪਾਬੰਦੀ ਲਾਏ ਜਾਣ ਵਿਰੁੱਧ ਸਮੁੱਚੀ ਦੁਨੀਆ ਦੇ ਸਿੱਖਾਂ ਵਿੱਚ ਵੱਡੇ ਪੱਧਰ ’ਤੇ ਰੋਹ ਤੇ ਰੋਸ ਪਾਇਆ ਜਾ ਰਿਹਾ ਹੈ।