ਪੈਰਿਸ: ‘ਬ੍ਰੈੱਸਟ ਇੰਪਲਾਂਟ’ (Breast Implant) ਭਾਵ ‘ਔਰਤਾਂ ਦੀ ਛਾਤੀ ਟ੍ਰਾਂਸਪਲਾਂਟ ਕਰਨਾ’ ਇੱਕ ਸਰਜੀਕਲ ਪ੍ਰਕਿਰਿਆ ਹੈ, ਜਿਸ ਰਾਹੀਂ ਔਰਤਾਂ ਖ਼ੁਦ ਨੂੰ ਸੁੰਦਰ ਵਿਖਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਉਂਝ ‘ਬ੍ਰੈੱਸਟ ਇੰਪਲਾਂਟ’ ਦੇ ਕਈ ਕਾਰਣ ਹੋ ਸਕਦੇ ਹਨ, ਜਿਵੇਂ ਜਾਂ ਤਾਂ ਉਹ ਆਪਣੀ ਸਰੀਰਕ ਦਿਖਾਵਟ ਵਿੱਚ ਤਬਦੀਲੀ ਕਰਨਾ ਚਾਹੁੰਦੀ ਹੈ ਜਾਂ ਫਿਰ ਛਾਤੀ ਦੇ ਕੈਂਸਰ ਤੋਂ ਬਚਾਅ ਦੀ ਲੋੜ ਹੈ ਜਾਂ ਬ੍ਰੈਸਟ ਕੈਂਸਰ ਦੇ ਇਲਾਜ ਲਈ ਅਜਿਹਾ ਕਰਵਾਉਣਾ (ਮੈਸਟੇਕਟੌਮੀ) ਪੈਂਦਾ ਹੈ। ਇਸ ਲਈ ਔਰਤਾਂ ਦੀ ਛਾਤੀ ਮੁੜ ਸਿਰਜੀ ਜਾਂਦੀ ਹੈ।


ਆਮ ਤੌਰ ’ਤੇ ਛਾਤੀਆਂ ਨੂੰ ਆਕਾਰ ਦੇਣ ਲਈ ਬ੍ਰੈੱਸਟ ਵਿੱਚ ਸਿਲੀਕੌਨ ਜਾਂ ਸੇਲਾਈਨ ਇੰਪਲਾਂਟ ਕੀਤਾ ਜਾਂਦਾ ਹੈ, ਤਾਂ ਜੋ ਛਾਤੀ ਭਰੀ ਹੋਈ ਤੇ ਬਿਹਤਰ ਆਕਾਰ ਦੀ ਜਾਵੇ। ਪਰ ਜੇ ਇਹ ਇੰਪਲਾਂਟ ਗ਼ਲਤ ਕੀਤਾ ਜਾਵੇ, ਤਾਂ ਇਸ ਦਾ ਔਰਤਾਂ ਦੀ ਸਿਹਤ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ। ਗ਼ਲਤ ‘ਬ੍ਰੈੱਸਟ ਇੰਪਲਾਂਟ’ ਦੇ ਚੱਲਦਿਆਂ ਫ਼੍ਰੈਂਚ ਅਪੀਲ ਕੋਰਟ ਨੇ ਇਹ ਫ਼ੈਸਲਾ ਸੁਣਾਇਆ ਹੈ ਕਿ ਪੀਆਈਪੀ ਬ੍ਰੈੱਸਟ ਸਕੈਂਡਲ ਦੀਆਂ 250 ਤੋਂ ਵੱਧ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।


ਇਨ੍ਹਾਂ ਔਰਤਾਂ ’ਚ ਲਗਭਗ 540 ਇੰਗਲੈਂਡ ਦੀਆਂ ਔਰਤਾਂ ਸਨ, ਜਿਨ੍ਹਾਂ ਕਿਹਾ ਕਿ ਉਹ ਪਿਛਲੇ 10 ਸਾਲਾਂ ਦੀ ਲੰਮੀ ਲੜਾਈ ਦੀ ਥਕਾਵਟ ਦੇ ਬਾਵਜੂਦ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਅਦਾਲਤ ਨੇ ਪਹਿਲੇ ਫ਼ੈਸਲੇ, ਜਿਸ ਵਿੱਚ ਜਰਮਨੀ ਦੀ ਕੰਪਨੀ ਟੀਯੂਵੀ ਰੇਨਲੈਂਡ ਨੂੰ ਲਾਪਰਵਾਹੀ ਲਈ ਜ਼ਿੰਮੇਵਾਰ ਮੰਨਿਆ ਸੀ, ਉਸ ਫ਼ੈਸਲੇ ਨੂੰ ਕਾਇਮ ਰੱਖਿਆ। ਇਹ ਕੰਪਨੀ ਗ਼ਲਤ ਇੰਪਲਾਂਟ ਲਈ ‘ਸੇਫ਼ਟੀ ਸਰਟੀਫ਼ਿਕੇਟ’ ਜਾਰੀ ਕਰਦੀ ਸੀ। ਅਦਾਲਤ ਦੇ ਇਸ ਫ਼ੈਸਲੇ ਦੇ ਬਹੁਤ ਦੂਰਅੰਦੇਸ਼ ਅਸਰ ਪੈਣਗੇ ਤੇ ਹਜ਼ਾਰਾਂ ਪੀੜਤਾਂ ਨੂੰ ਲਾਭ ਵੀ ਪੁੱਜੇਗਾ।


ਅਜਿਹੀਆਂ ਔਰਤਾਂ ਵਿੱਚੋਂ ਇੱਕ ਹਨ ਜੌਨ ਸਪਿਵੇ, ਜਿਨ੍ਹਾਂ ਨੂੰ ਬ੍ਰੈੱਸਟ ਕੈਂਸਰ ਕਾਰਣ ‘ਮੈਸਟੇਕਟੋਮੀ’ ਕਰਵਾਉਣੀ ਪਈ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਦੇ ਜੋੜਾਂ, ਛਾਤੀ ਤੇ ਪਿੱਠ ਵਿੱਚ ਦਰਦ ਰਹਿਣ ਲੱਗਾ। ਥਕਾਵਟ ਮਹਿਸੂਸ ਹੁੰਦੀ ਰਹਿੰਦੀ ਸੀ ਤੇ ਗੰਭੀਰ ਸਿਰ–ਦਰਦ ਹੁੰਦਾ ਸੀ। ਫਿਰ ਜਦੋਂ ਉਨ੍ਹਾਂ ਆਪਣੀ ਛਾਤੀ ਦਾ ਇੰਪਲਾਂਟ ਹਟਵਾ ਦਿੱਤਾ, ਤਾਂ ਸਭ ਕੁਝ ਠੀਕ ਹੋ ਗਿਆ। ਇਸ ਤੋਂ ਸਪੱਸ਼ਟ ਹੋ ਗਿਆ ਸੀ ਕਿ ਉਸ ਟ੍ਰਾਂਸਪਲਾਂਟ ਰਾਹੀਂ ਸਰੀਰ ਵਿੱਚ ਰੱਖਿਆ ਸਿਲੀਕੌਨ ਲੀਕ ਹੋ ਰਿਹਾ ਸੀ ਜੋ ਸਾਰੀਆਂ ਸਮੱਸਿਆਵਾਂ ਪੈਦਾ ਕਰ ਰਿਹਾ ਸੀ।


ਉਨ੍ਹਾਂ ਕਿਹਾ ਕਿ 20 ਵਰ੍ਹੇ ਪਹਿਲਾਂ ਮੈਂ ‘ਪੀਆਈਪੀ ਇੰਪਲਾਂਟ’ ਕਰਵਾਇਆ ਸੀ, ਜੋ ਮੇਰੀ ਜ਼ਿੰਦਗੀ ਅਤੇ ਸਿਹਤ ਉੱਤੇ ਮਾੜਾ ਅਸਰ ਪਾ ਰਿਹਾ ਸੀ। ਇੰਝ ਹੀ ਇੱਕ ਹੋਰ ਔਰਤ ਨਿਕੋਲਾ ਮਾਸੋਨ ਦੇ ਜਿੰਨੇ ਵੀ ਅਜਿਹੇ ਟ੍ਰਾਂਸਪਲਾਂਟ ਹੋਏ ਸਨ, ਉਹ ਟੁੱਟ ਗਏ ਸਨ। ਉਨ੍ਹਾਂ ਕਿਹਾ ਕਿ ਅਦਾਲਤੀ ਫ਼ੈਸਲਾ ‘ਇੱਕ ਵੱਡੀ ਤੇ ਹੈਰਾਨੀਜਨਕ ਜਿੱਤ ਹੈ।’ ਦੱਸ ਦੇਈਏ ਕਿ ਫ਼ਰਾਂਸ ਦੀ ਕੰਪਨੀ ਪੀਆਈਪੀ ਭਾਵ ‘ਪੌਲੀ ਇੰਪਲਾਂਟ ਪ੍ਰੋਥੀਜ਼’ ਨੇ ਘਟੀਆ ਕੁਆਲਿਟੀ ਦਾ ਇੰਪਲਾਂਟ ਵਰਤਿਆ ਸੀ।