Attack On Sikh In Pakistan: ਪੇਸ਼ਾਵਰ ਦੇ ਸਰਬੰਦ ਇਲਾਕੇ 'ਚ ਐਤਵਾਰ ਨੂੰ ਕੁਝ ਅਣਪਛਾਤੇ ਹਥਿਆਰਬੰਦਾਂ ਵੱਲੋਂ ਦੋ ਸਿੱਖ ਭਰਾਵਾਂ ਨੂੰ ਗੋਲੀ ਮਾਰ ਦਿੱਤੀ ਗਈ। ਗੋਲੀ ਲੱਗਣ ਕਾਰਨ ਦੋਨਾਂ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕ ਕੁਲਜੀਤ ਸਿੰਘ ਤੇ ਰਣਜੀਤ ਸਿੰਘ ਦੇ ਕਤਲ ਮਗਰੋਂ ਗੁੱਸੇ 'ਚ ਆਏ ਸਿੱਖ ਭਾਈਚਾਰੇ ਨੇ ਸ਼ਹਿਰ 'ਚ ਰੋਸ ਪ੍ਰਦਰਸ਼ਨ ਕੀਤਾ। ਸਿੱਖ ਭਾਈਚਾਰੇ ਨੇ ਜੀਟੀ ਰੋਡ ਜਾਮ ਕਰਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ।

ਰੋਸ ਪ੍ਰਦਰਸ਼ਨ ਕਰਦਿਆਂ ਸਿੱਖ ਭਾਈਚਾਰੇ ਨੇ ਇਸ ਘਟਨਾ ਵਿੱਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਤੇ ਸਿੱਖ ਕੌਮ ਦੀ ਸੁਰੱਖਿਆ ਦੀ ਮੰਗ ਕੀਤੀ ਹੈ।ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਾਰੇ ਲੋਕਾਂ ਦਾ ਹੈ ਤੇ ਇਸ ਮਾਮਲੇ ਵਿੱਚ ਤੱਥਾਂ ਦਾ ਪਤਾ ਲਗਾਉਣ ਲਈ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਕਾਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਸਿੱਖਾਂ ਦੇ ਕਤਲੇਆਮ ਨੂੰ ਲੈ ਕੇ ਭਾਰਤ ਵਿੱਚ ਵੀ ਗੁੱਸਾ
ਪਾਕਿਸਤਾਨ ਵਿੱਚ ਦੋ ਸਿੱਖਾਂ ਦੇ ਕਤਲ ਨੂੰ ਲੈ ਕੇ ਭਾਰਤ ਵਿੱਚ ਵੀ ਗੁੱਸਾ ਹੈ। ਸਿੱਖਾਂ 'ਤੇ ਲਗਾਤਾਰ ਹੋ ਰਹੇ ਹਮਲਿਆਂ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਾਬਕਾ ਸੀਐਮ ਅਮਰਿੰਦਰ ਸਿੰਘ ਤੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਸਿੱਖਾਂ ਨੂੰ ਡਰਾਇਆ ਜਾ ਰਿਹਾ ਹੈ। ਇਸ ਮਾਮਲੇ 'ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਸਿੱਖਾਂ 'ਤੇ ਹੋਏ ਹਮਲੇ ਬਾਰੇ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਨਾਲ ਗੱਲ ਕੀਤੀ ਜਾਣੀ ਚਾਹੀਦੀ ਹੈ। ਉਥੋਂ ਦੇ ਰਾਜਦੂਤ ਨੂੰ ਤਲਬ ਕੀਤਾ ਜਾਣਾ ਚਾਹੀਦਾ ਹੈ।

ਪੇਸ਼ਾਵਰ ਵਿੱਚ 15 ਹਜ਼ਾਰ ਤੋਂ ਵੱਧ ਸਿੱਖ ਰਹਿੰਦੇ
ਪੇਸ਼ਾਵਰ ਵਿੱਚ ਲਗਭਗ 15,000 ਸਿੱਖ ਰਹਿੰਦੇ ਹਨ ਅਤੇ ਜ਼ਿਆਦਾਤਰ ਜੋਗਨ ਸ਼ਾਹ ਵਿੱਚ ਹਨ, ਜੋ ਕਿ ਸੂਬਾਈ ਰਾਜਧਾਨੀ ਦੇ ਨੇੜਲੇ ਇਲਾਕੇ ਹਨ। ਪੇਸ਼ਾਵਰ ਵਿੱਚ ਸਿੱਖ ਭਾਈਚਾਰੇ ਦੇ ਜ਼ਿਆਦਾਤਰ ਮੈਂਬਰ ਕਾਰੋਬਾਰੀ ਹਨ, ਜਦਕਿ ਕੁਝ ਫਾਰਮੇਸੀਆਂ ਵੀ ਚਲਾਉਂਦੇ ਹਨ। ਇਹ ਪਹਿਲੀ ਵਾਰ ਨਹੀਂ ਹੈ ਕਿ ਪਾਕਿਸਤਾਨ ਵਿਚ ਸਿੱਖ ਭਾਈਚਾਰੇ 'ਤੇ ਹਮਲਾ ਹੋਇਆ ਹੈ, ਇਸ ਤੋਂ ਪਹਿਲਾਂ ਪਿਛਲੇ ਸਾਲ ਸਿੰਬਰ ਵਿੱਚ ਪਿਸ਼ਾਵਰ ਵਿਚ ਇਕ ਸਿੱਖ ਹਕੀਮ ਦੀ ਉਸ ਦੇ ਕਲੀਨਕ ਵਿਚ ਅਣਪਛਾਤੇ ਹਮਲਾਵਰਾਂ ਨੇ ਹੱਤਿਆ ਕਰ ਦਿੱਤੀ ਸੀ। ਪੱਤਰਕਾਰ ਰਵਿੰਦਰ ਸਿੰਘ ਦਾ ਸਾਲ 2020 ਵਿੱਚ ਕਤਲ ਹੋ ਗਿਆ ਸੀ। ਸਾਲ 2018 ਵਿੱਚ ਚਰਨਜੀਤ ਸਿੰਘ, 2016 ਵਿੱਚ ਨੈਸ਼ਨਲ ਅਸੈਂਬਲੀ ਦੇ ਮੈਂਬਰ ਸੋਰੇਨ ਸਿੰਘ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ।