ਨਿਊਯਾਰਕ: ਇੱਥੋਂ ਦੇ ਓਹੀਓ ਸ਼ਹਿਰ 'ਚ ਦੋ ਹਫ਼ਤੇ ਪਹਿਲਾਂ ਗੋਲੀ ਦਾ ਸ਼ਿਕਾਰ ਹੋਏ ਜਸਪ੍ਰੀਤ ਸਿੰਘ ਦੀ ਕਰੀਬ 10 ਦਿਨ ਤੋਂ ਹਸਪਤਾਲ 'ਚ ਜ਼ਿੰਦਗੀ ਮੌਤ ਨਾਲ ਲੜਾਈ ਲੜਦਿਆਂ ਮੌਤ ਹੋ ਗਈ। ਹੈਮਿਲਟਨ ਪੁਲਿਸ ਮੁਤਾਬਕ 12 ਮਈ ਦੀ ਅੱਧੀ ਰਾਤ ਨੂੰ ਜਸਪ੍ਰੀਤ 'ਤੇ 20 ਸਾਲਾ ਮਲਿਕ ਜੋਨਸ ਰੋਬਰਟਸ ਨਾਂ ਦੇ ਨੌਜਵਾਨ ਨੇ ਗੋਲੀ ਚਲਾਈ ਸੀ। ਜਿਸ ਤੋਂ ਬਾਅਦ ਉਹ ਹਸਪਤਾਲ 'ਚ ਜ਼ੇਰੇ ਇਲਾਜ ਸੀ।
ਪੁਲਿਸ ਮੁਤਾਬਕ ਮੁਲਜ਼ਮ ਦੇ ਵਕੀਲ ਡੇਵਿਡ ਵਾਸ਼ਿੰਗਟਨ ਨੇ ਰੋਬਰਟਸ ਨੂੰ ਬੇਕਸੂਰ ਦੱਸਿਆ। ਹਾਲਾਂਕਿ ਉਸ ਉੱਪਰ ਅਗਲੇ ਹਫ਼ਤੇ ਕਤਲ ਦਾ ਦੋਸ਼-ਪੱਤਰ ਦਾਇਰ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਰੋਬਰਟਸ 'ਤੇ ਸਿਰਫ਼ ਲੁੱਟ-ਖੋਹ ਦਾ ਮਾਮਲਾ ਦਰਜ ਸੀ ਪਰ ਹੁਣ ਜਸਪ੍ਰੀਤ ਸਿੰਘ ਦੀ ਮੌਤ ਤੋਂ ਬਾਅਜ ਉਸ 'ਤੇ ਕਤਲ ਦਾ ਮੁਕੱਦਮਾ ਚਲਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਬਲਟਰ ਕਾਊਂਟੀ ਕੋਰਟ ਦੇ ਮੁਤਾਬਕ ਰੋਬਰਟਸ ਸਾਲ 2016 'ਚ ਵੀ ਗੈਰ-ਕਾਨੂੰਨੀ ਗਤੀਵਿਧੀਆਂ ਦੇ ਦੋਸ਼ 'ਚ ਜੇਲ ਜਾ ਚੁੱਕਾ ਹੈ।
ਦੱਸ ਦਈਏ ਕਿ ਜਸਪ੍ਰੀਤ ਪਿਛਲੇ 8 ਸਾਲਾਂ ਤੋਂ ਆਪਣੀ ਪਤਨੀ ਤੇ ਚਾਰ ਬੱਚਿਆਂ ਨਾਲ ਅਮਰੀਕਾ 'ਚ ਰਹਿ ਰਿਹਾ ਸੀ ਤੇ ਟਰਾਲਾ ਚਲਾਉਂਦਾ ਸੀ। ਉਸ ਦੇ ਇੱਕ ਦੋਸਤ ਮਨਜਿੰਦਰ ਸਿੰਘ ਮੁਤਾਬਕ ਉਹ ਸਿੱਖ ਭਾਈਚਾਰੇ 'ਚ ਕਾਫੀ ਜਾਣ-ਪਛਾਣ ਰੱਖਦਾ ਸੀ।