ਇਸਲਾਮਾਬਾਦ: ਪਾਕਿਸਤਾਨ ਵਿਚ ਹਿੰਸਕ ਪ੍ਰਦਰਸ਼ਨਾਂ ਨੂੰ ਰੋਕਣ ਵਿਚ ਨਾਕਾਮ ਰਹੀ ਇਮਰਾਨ ਸਰਕਾਰ ਨੇ ਲੋਕਾਂ ਦੇ ਪ੍ਰਗਟਾਵੇ 'ਤੇ ਪਾਬੰਦੀ ਲਗਾਈ ਹੈ। ਇਮਰਾਨ ਖ਼ਾਨ ਸਰਕਾਰ ਦੇ ਇੱਕ ਆਦੇਸ਼ ਦੇ ਬਾਅਦ ਪਾਕਿਸਤਾਨ ਵਿਚ ਵ੍ਹੱਟਸਐਪ, ਯੂ-ਟਿਊਬ, ਟਵਿੱਟਰ, ਟੈਲੀਗਰਾਮ, ਟੈਲੀਗ੍ਰਾਮ, ਫੇਸਬੁੱਕ ਸਣੇ ਹੋਰ ਪਲੇਟਫਾਰਮ ਬੰਦ ਕਰ ਦਿੱਤੇ ਗਏ ਹਨ। ਟੈਲੀਕਾਮ ਸੰਚਾਲਕਾਂ ਦਾ ਕਹਿਣਾ ਹੈ ਕਿ ਇਸ ਦੇ ਬਹਾਲੀ ਲਈ ਕੋਈ ਵਿਸ਼ੇਸ਼ ਸਮਾਂ-ਸੀਮਾ ਨਹੀਂ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਪਾਬੰਦੀਆਂ ਦੀ ਪੁਸ਼ਟੀ ਕੀਤੀ ਹੈ।
ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਦੂਰਸੰਚਾਰ ਅਥਾਰਟੀ (ਪੀਟੀਏ) ਨੂੰ ਸੋਸ਼ਲ ਮੀਡੀਆ ਪਲੇਟਫਾਰਮ- ਟਵਿੱਟਰ, ਫੇਸਬੁੱਕ, ਵ੍ਹੱਟਸਐਪ, ਯੂ-ਟਿਊਬ ਅਤੇ ਟੈਲੀਗ੍ਰਾਮ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਬੈਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੰਤਰਾਲੇ ਨੇ ਪੀਟੀਏ ਦੇ ਚੇਅਰਮੈਨ ਨੂੰ ਨਿਰਦੇਸ਼ ਦਿੱਤਾ, “ਬੇਨਤੀ ਕੀਤੀ ਜਾਂਦੀ ਹੈ ਕਿ ਇਸ ਵਿਸ਼ੇ ਬਾਰੇ ਤੁਰੰਤ ਕਾਰਵਾਈ ਕੀਤੀ ਜਾਵੇ।”
ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਦੇ ਬਾਅਦ ਇੱਕ ਇੰਟਰਨੈਟ ਸੇਵਾ ਪ੍ਰਦਾਤਾ - Nayatel - ਨੇ ਆਪਣੇ ਗਾਹਕਾਂ ਨੂੰ ਇੱਕ ਸੰਦੇਸ਼ ਵਿੱਚ ਕਿਹਾ ਕਿ ਪੀਟੀਏ ਦੇ ਨਿਰਦੇਸ਼ਾਂ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਰੋਕ ਦਿੱਤਾ ਗਿਆ ਹੈ।
ਦੱਸ ਦਈਏ ਕਿ ਇਮਰਾਨ ਖ਼ਾਨ ਸਰਕਾਰ ਦੇਸ਼ ਵਿਚ ਕੱਟੜਪੰਥੀਆਂ ਅੱਗੇ ਢੁੱਕ ਗਈ ਹੈ। ਇਸ ਤਰ੍ਹਾਂ ਦੀਆਂ ਕਈ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਪਾਕਿਸਤਾਨੀ ਪੁਲਿਸ ਭੜਕੀ ਭੀੜ ਅੱਗੇ ਆਤਮ ਸਮਰਪਣ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਹਿੰਸਾ ਤੋਂ ਸਭ ਤੋਂ ਪ੍ਰਭਾਵਿਤ ਹੋਏ ਸ਼ਹਿਰਾਂ ਵਿਚ ਲਾਹੌਰ, ਕਰਾਚੀ ਅਤੇ ਇਸਲਾਮਾਬਾਦ ਸ਼ਾਮਲ ਹਨ।
ਹਿੰਸਕ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੀ ਇੱਕ ਕੱਟੜਪੰਥੀ ਸੰਸਥਾ ਤਹਿਰੀਕ-ਏ-ਲੈਬਬੈਕ ਪਾਕਿਸਤਾਨ (ਟੀਐਲਪੀ) ਦੇ ਮੁਖੀ ਸਾਦ ਰਿਜਵੀ ਨੂੰ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਪਾਕਿਸਤਾਨ ਵਿਚ ਹਿੰਸਾ ਅਤੇ ਝੜਪਾਂ ਦੌਰਾਨ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ 300 ਤੋਂ ਵੱਧ ਪੁਲਿਸਕਰਮੀ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ: Indianapolis Firing: ਅਮਰੀਕੀ ਹਵਾਈ ਅੱਡੇ ਬਾਹਰ ਗੋਲੀਬਾਰੀ, ਪੁਲਿਸ ਦੀ ਜਵਾਬੀ ਕਾਰਵਾਈ 'ਚ ਮਾਰਿਆ ਗਿਆ ਹਮਲਾਵਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904