Plane Crash: ਦੱਖਣੀ ਕੋਰੀਆ ਦੇ ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਤਵਾਰ (29 ਦਸੰਬਰ 2024) ਨੂੰ ਇੱਕ ਵੱਡਾ ਜਹਾਜ਼ ਹਾਦਸਾ ਹੋਇਆ, ਜਿਸ ਵਿੱਚ 179 ਲੋਕਾਂ ਦੀ ਮੌਤ ਹੋ ਗਈ। ਬਚਾਅ ਕਰਮਚਾਰੀਆਂ ਨੇ ਹਾਦਸੇ ਵਾਲੀ ਥਾਂ ਤੋਂ ਦੋ ਲੋਕਾਂ ਨੂੰ ਜ਼ਿੰਦਾ ਬਾਹਰ ਕੱਢਿਆ। ਪਿਛਲੇ 24 ਘੰਟਿਆਂ 'ਚ ਦੁਨੀਆ 'ਚ ਜਹਾਜ਼ਾਂ ਨਾਲ ਜੁੜੀਆਂ ਤਿੰਨ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ ਹੈ।
ਦੱਖਣੀ ਕੋਰੀਆ ਦਾ ਜਹਾਜ਼ ਹਾਦਸਾ
ਯੋਨਹਾਪ ਨਿਊਜ਼ ਏਜੰਸੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 9:07 ਵਜੇ ਵਾਪਰਿਆ ਜਦੋਂ ਜੇਜੂ ਏਅਰ ਦਾ ਜਹਾਜ਼ ਲੈਂਡਿੰਗ ਦੌਰਾਨ ਰਨਵੇ ਤੋਂ ਫਿਸਲ ਗਿਆ ਤੇ ਮੁਆਨ ਇੰਟਰਨੈਸ਼ਨਲ ਏਅਰਪੋਰਟ 'ਤੇ ਵਾੜ ਦੀ ਕੰਧ ਨਾਲ ਟਕਰਾਅ ਗਿਆ। ਬੈਂਕਾਕ ਤੋਂ ਵਾਪਸ ਆ ਰਹੇ ਜਹਾਜ਼ 'ਚ ਚਾਲਕ ਦਲ ਦੇ ਛੇ ਮੈਂਬਰਾਂ ਸਮੇਤ ਕੁੱਲ 181 ਲੋਕ ਸਵਾਰ ਸਨ। ਇਸ ਜਹਾਜ਼ ਵਿੱਚ ਦੋ ਯਾਤਰੀ ਥਾਈਲੈਂਡ ਦੇ ਸਨ ਤੇ ਬਾਕੀ ਦੱਖਣੀ ਕੋਰੀਆ ਦੇ ਸਨ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਲੈਂਡਿੰਗ ਗੀਅਰ 'ਚ ਖਰਾਬੀ ਪੰਛੀ ਦੇ ਟਕਰਾਉਣ ਕਾਰਨ ਹੋ ਸਕਦੀ ਹੈ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੇ ਇਸ ਸਬੰਧੀ ਉੱਚ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਵੀ ਬੁਲਾਈ ਸੀ।
ਕੈਨੇਡਾ ਵਿੱਚ ਫਲਾਈਟ ਦੀ ਐਮਰਜੈਂਸੀ ਲੈਂਡਿੰਗ
ਇਸ ਤੋਂ ਪਹਿਲਾਂ ਸ਼ਨੀਵਾਰ ਰਾਤ ਏਅਰ ਕੈਨੇਡਾ ਦੇ ਜਹਾਜ਼ ਨੂੰ ਹੈਲੀਫੈਕਸ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। PAL ਏਅਰਲਾਈਨਜ਼ ਦੀ ਉਡਾਣ AC2259 ਸ਼ਨੀਵਾਰ ਰਾਤ ਨੂੰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ, ਫਲਾਈਟ 'ਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਜਹਾਜ਼ 'ਚ ਤਕਨੀਕੀ ਖਰਾਬੀ ਆ ਗਈ ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨ ਤੋਂ ਬਾਅਦ ਫਲਾਈਟ 'ਚ ਅੱਗ ਲੱਗ ਗਈ। ਲੈਂਡਿੰਗ ਵਿੱਚ ਥੋੜੀ ਜਿਹੀ ਦੇਰੀ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ।
ਨਾਰਵੇ 'ਚ ਰਨਵੇ 'ਤੇ ਜਹਾਜ਼ ਤਿਲਕਿਆ
ਸ਼ਨੀਵਾਰ ਦੇਰ ਰਾਤ ਨਾਰਵੇ ਦੇ ਓਸਲੋ ਟਾਰਪ ਸੈਂਡਫੀਓਰਡ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਦੌਰਾਨ ਕੇਐਲਐਮ ਰਾਇਲ ਡੱਚ ਏਅਰਲਾਈਨਜ਼ ਦਾ ਜਹਾਜ਼ ਫਿਸਲ ਗਿਆ। ਓਸਲੋ ਏਅਰਪੋਰਟ ਤੋਂ ਐਮਸਟਰਡਮ ਜਾ ਰਹੇ ਬੋਇੰਗ 737-800 ਜਹਾਜ਼ ਦੇ ਹਾਈਡ੍ਰੋਜਨ ਸਿਸਟਮ 'ਚ ਖਰਾਬੀ ਆ ਗਈ ਸੀ। ਇਸ ਤੋਂ ਬਾਅਦ ਜਹਾਜ਼ ਨੂੰ ਓਸਲੋ ਤੋਂ 110 ਕਿਲੋਮੀਟਰ ਦੱਖਣ 'ਚ ਸਥਿਤ ਸੈਂਡੀਫੋਰਡ ਹਵਾਈ ਅੱਡੇ 'ਤੇ ਉਤਾਰਨ ਦਾ ਫੈਸਲਾ ਕੀਤਾ ਗਿਆ। ਸੁਰੱਖਿਅਤ ਲੈਂਡਿੰਗ ਦੇ ਬਾਵਜੂਦ, ਜਹਾਜ਼ ਰਨਵੇ ਤੋਂ ਫਿਸਲ ਗਿਆ ਤੇ ਨੇੜਲੇ ਘਾਹ ਵਾਲੇ ਖੇਤਰ ਵਿੱਚ ਰੁਕ ਗਿਆ। ਇਸ ਜਹਾਜ਼ ਵਿੱਚ ਕੁੱਲ 182 ਲੋਕ ਸਵਾਰ ਸਨ।